ਗੁਰੂਗ੍ਰਾਮ— ਪ੍ਰਦੁੱਮਣ ਕਤਲ ਕੇਸ ਦੇ ਬੱਸ ਕੰਡਕਟਰ ਸਮੇਤ ਤਿੰਨਾਂ ਦੋਸ਼ੀਆਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਉਨ੍ਹਾਂ ਨੂੰ 10 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਕੋਰਟ ਨੇ ਬੱਸ ਕੰਡਕਟਰ ਅਸ਼ੋਕ ਕੁਮਾਰ, ਰਿਆਨ ਦੇ ਰੀਜ਼ਨਲ ਹੈਡ ਫ੍ਰਾਂਸਿਸ ਥਾਮਸ ਅਤੇ ਐਚ.ਆਰ ਹੈਡ ਜਾਇਸ ਥਾਮਸ ਨੂੰ 29 ਸਿਤੰਬਰ ਤੱਕ ਲਈ ਨਿਆਂਇਕ ਹਿਰਾਸਤ ‘ਚ ਭੇਜਿਆ ਹੈ। ਇਸ ਤੋਂ ਪਹਿਲੇ ਕੋਰਟ ਨੇ ਗੁਰੂਗ੍ਰਾਮ ਪੁਲਸ ਦੇ ਏ.ਸੀ.ਪੀ ਨੂੰ ਇਸ ਕੇਸ ‘ਚ ਅਧੂਰੇ ਦਸਤਾਵੇਜ਼ ਪੇਸ਼ ਕਰਨ ‘ਤੇ ਫਟਕਾਰ ਲਗਾਈ ਸੀ ਅਤੇ ਪੂਰੇ ਦਸਤਾਵੇਜ਼ ਦੇ ਨਾਲ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ।
ਫ੍ਰਾਂਸਿਸ ਥਾਮਸ ਅਤੇ ਜਾਇਸ ਥਾਮਸ ਨੇ ਖੁਦ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਸਕੂਲ ਨਾਲ ਸੰਬੰਧਿਤ ਦਸਤਾਵੇਜ਼ੀਕਰਨ ਕਰਨਾ ਹੈ। ਇਸ ਕਤਲ ਕੇਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੁੱਖ ਦੋਸ਼ੀਲ ਅਸ਼ੋਕ ਕੁਮਾਰ ਨੇ ਕੋਰਟ ‘ਚ ਕਿਹਾ ਕਿ ਪੁਲਸ ਹਿਰਾਸਤ ਦੌਰਾਨ ਉਸ ਨੂੰ ਸਰੀਰਕ ਰੂਪ ਨਾਲ ਪਰੇਸ਼ਾਨ ਕੀਤਾ ਗਿਆ ਹੈ।
8 ਸਿਤੰਬਰ ਨੂੰ ਸਕੂਲ ਦੇ ਟਾਇਲਟ ‘ਚ 7 ਸਾਲ ਦੇ ਪ੍ਰਦੁੱਮਣ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਕਤਲ ਦੇ ਆਰੋਪ ‘ਚ ਬੱਸ ਕੰਡਕਟਰ ਅਸ਼ੋਕ ਕੁਮਾਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਪੁੱਛਗਿਛ ‘ਚ ਆਰੋਪੀ ਅਸ਼ੋਕ ਕੁਮਾਰ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ ਪਰ ਹੁਣ ਕੰਡਕਟਰ ਆਪਣੇ ਬਿਆਨ ਤੋਂ ਪਲਟ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਟਾਰਚਰ ਕਰਕੇ ਬਿਆਨ ਦਵਾਇਆ ਗਿਆ ਹੈ। ਦੂਜੇ ਪਾਸੇ ਇਸ ਕੇਸ ਦੀ ਜਾਂਚ ਸੀ.ਬੀ.ਆਈ ਨੂੰ ਸੌਂਪ ਦਿੱਤੀ ਗਈ ਹੈ।