ਸਿਡਨੀ, 11 ਮਈ
ਭਾਰਤੀ ਸ਼ਟਲਰ ਬੀ. ਸਾਈ ਪ੍ਰਣੀਤ ਤੇ ਸਮੀਰ ਵਰਮਾ ਆਪਣੇ ਰੈਂਕਿੰਗ ਮੁਤਾਬਕ ਪ੍ਰਦਰਸ਼ਨ ਕਰਦਿਆਂ ਸਿੱਧੇ ਗੇਮ ਵਿੱਚ ਮਿਲੀ ਜਿੱਤ ਨਾਲ ਅੱਜ ਇਥੇ ਆਸਟਰੇਲੀਆ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋ ਗਏ। ਦੂਜੇ ਦਰਜਾ ਪ੍ਰਣੀਤ ਨੇ ਦੂਜੇ ਦੌਰ ਦੇ ਮੈਚ ਵਿੱਚ ਇੰਡੋਨੇਸ਼ੀਆ ਦੇ ਪੰਜੀ ਅਹਿਮਦ ਮੌਲਾਨਾ ਨੂੰ 21-12, 21-14 ਨਾਲ ਜਦੋਂਕਿ ਚੌਥਾ ਦਰਜਾ ਸਮੀਰ ਨੇ ਜਾਪਾਨ ਦੇ ਤਾਕੁਮਾ ਉਏਦਾ ਨੂੰ 21-16, 21-12 ਨਾਲ ਬਾਹਰ ਦਾ ਰਾਹ ਵਿਖਾਇਆ। ਪ੍ਰਣੀਤ ਹੁਣ ਅਗਲੇ ਗੇੜ ਵਿੱਚ ਸੱਤਵਾਂ ਦਰਜਾ ਇੰਡੋਨੇਸ਼ੀਆ ਦੇ ਲੀ ਚੇਯੁਕ ਯਿਊ ਨਾਲ ਖੇਡੇਗਾ ਜਦੋਂਕਿ ਸਮੀਰ ਦਾ ਟਾਕਰਾ ਚੀਨ ਦੇ ਲੂ ਗੁਆਂਗਜੂ ਨਾਲ ਹੋਵੇਗਾ।
ਉਧਰ ਭਾਰਤੀਆਂ ਲਈ ਡਬਲਜ਼ ਵਰਗ ਵਿੱਚ ਵੀ ਦਿਨ ਚੰਗਾ ਰਿਹਾ। ਮਨੂ ਅਤਰੀ ਤੇ ਬੀ.ਸੁਮਿਤ ਰੈੱਡੀ ਦੀ ਤੀਜਾ ਦਰਜਾ ਜੋੜੀ ਨੇ ਹਿਯੁਕ ਗਿਯੁਨ ਚੋਈ ਤੇ ਕਿਯੁੰਗ ਹੂਨ ਪਾਰਕ ਦੀ ਕੋਰਿਆਈ ਜੋੜੀ ਨੂੰ 21-17, 21-17 ਨਾਲ ਸ਼ਿਕਸਤ ਦਿੰਦਿਆਂ ਕੁਆਰਟਰ ਫਾਈਨਲ ’ਚ ਥਾਂ ਪੱਕੀ ਕੀਤੀ। ਇਸ ਦੌਰਾਨ ਸੱਤਵਾਂ ਦਰਜਾ ਅਰਜੁਨ ਤੇ ਰਾਮਚੰਦਰਨ ਸ਼ਲੋਕ ਵੀ ਆਖਰੀ ਅੱਠ ਦੇ ਦੌਰ ਵਿੱਚ ਦਾਖ਼ਲ ਹੋ ਗਏ, ਪਰ ਉਨ੍ਹਾਂ ਨੂੰ ਜਿੱਤ ਲਈ ਖਾਸੀ ਮੁਸ਼ੱਕਤ ਕਰਨੀ ਪਈ। ਅਗਲੇ ਦੌਰ ਵਿੱਚ ਹਾਲਾਂਕਿ ਇਕ ਭਾਰਤੀ ਜੋੜੀ ਦਾ ਸਫ਼ਰ ਖ਼ਤਮ ਹੋ ਜਾਵੇਗਾ ਕਿਉਂਕਿ ਇਨ੍ਹਾਂ ਦਾ ਟਾਕਰਾ ਇਕ ਦੂਜੇ ਨਾਲ ਹੋਵੇਗਾ।
ਮਹਿਲਾ ਸਿੰਗਲਜ਼ ਦੀ ਗੱਲ ਕਰੀਏ ਜੱਕਾ ਵੈਸ਼ਨਵੀ ਰੈੱਡੀ ਦੇ ਹਾਰਨ ਨਾਲ ਇਸ ਵਰਗ ’ਚ ਭਾਰਤੀ ਚੁਣੌਤੀ ਸਮਾਪਤ ਹੋ ਗਈ। ਰੈੱਡੀ ਨੂੰ ਚੀਨ ਦੀ ਹਾਨ ਯੁਏ ਨੇ ਸਿੱਧੇ ਗੇਮਾਂ ’ਚ 21-5, 21-5 ਦੀ ਕਰਾਰੀ ਮਾਤ ਦਿੱਤੀ। ਮਹਿਲਾ ਡਬਲਜ਼ ਵਿੱਚ ਵੀ ਭਾਰਤੀ ਚੁਣੌਤੀ ਸਮਾਪਤ ਹੋ ਗਈ।
ਜੱਕਾਮਪੁਡੀ ਮੇਘਨਾ ਤੇ ਪੂਰਵਿਸ਼ਾ ਐਸ.ਰਾਮ ਨੂੰ ਜਾਪਾਨ ਦੀ ਮਿਕੀ ਕਾਸ਼ਿਹਾਰਾ ਤੇ ਮਿਯੁਕੀ ਕਾਟੋ ਹੱਥੋਂ 11-21, 13-21 ਨਾਲ ਹਾਰ ਮਿਲੀ। ਸ਼ਿਵਮ ਸ਼ਰਮਾ ਤੇ ਪੂਰਵਿਸ਼ਾ ਦੀ ਮਿਕਸਡ ਡਬਲਜ਼ ਜੋੜੀ ਵੀ ਕੋਰਿਆਈ ਖਿਡਾਰੀਆਂ ਤੋਂ ਮਿਲੀ ਹਾਰ ਨਾਲ ਟੂਰਨਾਮੈਂਟ ’ਚੋਂ ਬਾਹਰ ਹੋ ਗਈ।