ਨਾਨਜਿੰਗ, 31 ਜੁਲਾਈ
ਐਚਐਸ ਪ੍ਰਣਯ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਦਿਆਂ ਨਿਊਜ਼ੀਲੈਂਡ ਦੇ ਅਭਿਨਵ ਮਨੋਤਾ ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ ਹੈ। ਪ੍ਰਣਯ ਤੋਂ ਇਲਾਵਾ ਸਮੀਰ ਵਰਮਾ ਵੀ ਅਗਲੇ ਗੇੜ ਵਿੱਚ ਪਹੁੰਚ ਗਿਆ ਹੈ। ਮਿਕਸਡ ਡਬਲਜ਼ ਵਿੱਚ ਸਾਤਵਿਕਸਾਈਰਾਜ ਰੈਂਕੀਰੈਡੀ ਅਤੇ ਅਸ਼ਵਨੀ ਪੋਨੱਪਾ, ਪ੍ਰਣਵ ਚੋਪੜਾ ਅਤੇ ਐਨ ਸਿੱਕੀ ਰੈਡੀ, ਸੌਰਭ ਸ਼ਰਮਾ ਅਤੇ ਅਨੁਸ਼ਕਾ ਪਾਰਿਖ ਅਤੇ ਰੋਹਨ ਕਪੂਰ ਅਤੇ ਕੁਹੂ ਗਰਗ ਨੇ ਦੂਜੇ ਗੇੜ ਵਿੱਚ ਥਾਂ ਪੱਕੀ ਕੀਤੀ ਹੈ। ਪੁਰਸ਼ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮਿਤ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਹੇ।
ਦੁਨੀਆ ਦੇ 11ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਸਿਰਫ਼ 23 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਅਭਿਨਵ ਨੂੰ 21-12, 21-11 ਨਾਲ ਹਰਾਇਆ। ਵਿਸ਼ਵ ਦੇ 11ਵੇਂ ਨੰਬਰ ਦੇ ਭਾਰਤੀ ਖਿਡਾਰੀ ਦੀ 109ਵੀਂ ਰੈਂਕਿੰਗ ਵਾਲੇ ਮਨੋਤਾ ਖ਼ਿਲਾਫ਼ ਕਰੀਅਰ ਦੀ ਇਹ ਪਹਿਲੀ ਟੱਕਰ ਸੀ। ਸਮੀਰ ਨੇ ਫਰਾਂਸ ਦੇ ਲੁਕਾਸ ਕੋਰਵੀ ਨੂੰ 39 ਮਿੰਟ ਵਿੱਚ 21-13, 21-20 ਨਾਲ ਹਰਾਇਆ।
ਪੁਰਸ਼ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮਿਤ ਨੇ ਬੁਲਗਾਰੀਆ ਦੇ ਡੇਨੀਅਲ ਨਿਕੋਲੋਵ ਅਤੇ ਇਵਾਨ ਰੂਸੇਵ ਨੂੰ 21-13, 21-18 ਨਾਲ ਮਾਤ ਦਿੱਤੀ। ਭਾਰਤੀ ਜੋੜੀ ਸਾਹਮਣੇ ਹੁਣ ਸਤਵਾਂ ਦਰਜਾ ਪ੍ਰਾਪਤ ਜਾਪਾਨ ਦੇ ਤਾਕੂਤੋ ਇਨੋਏ ਅਤੇ ਯੂਕੀ ਕਾਨੇਕਾ ਦੀ ਮੁਸ਼ਕਲ ਚੁਣੌਤੀ ਹੋਵੇਗੀ। ਸੰਯੋਗਿਤਾ ਘੋਰਪੜੇ ਅਤੇ ਪ੍ਰਾਜੱਕਤਾ ਸਾਵੰਤ ਦੀ ਜੋੜੀ ਤੁਰਕੀ ਦੇ ਬੇਂਗਿਸੂ ਅਰਸੇਟਿਨ ਅਤੇ ਨਾਜ਼ਲਿਕਾਨ ਇੰਸੀ ਤੋਂ 20-22, 14-21 ਨਾਲ ਹਾਰ ਕੇ ਬਾਹਰ ਹੋ ਗਈ।