ਬਠਿੰਡਾ, 12 ਅਕਤੂਬਰ
ਪੰਚਕੂਲਾ ਪੁਲੀਸ ਅੱਜ ਚੁੱਪ-ਚੁਪੀਤੇ ਹਨੀਪ੍ਰੀਤ ਨੂੰ ਜੰਗੀਰਾਣਾ ਲੈ ਆਈ, ਜਿਥੇ ਉਹ ਛੇ ਦਿਨ ਇਕ ਚੁਬਾਰੇ ’ਚ ਰਹੀ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀਰਾਣਾ ਦੀ ਢਾਣੀ ’ਚ ਮਰਹੂਮ ਸਰਪੰਚ ਪ੍ਰੀਤਮ ਸਿੰਘ ਦੇ ਘਰ ਅੱਜ ਤਕਰੀਬਨ 12 ਵਜੇ ਪੰਚਕੂਲਾ ਪੁਲੀਸ ਦਾ ਕਾਫ਼ਲਾ ਪੁੱਜਿਆ। ਪੰਚਕੂਲਾ ਪੁਲੀਸ ਦੇ ਡੀਐਸਪੀ ਮੁਕੇਸ਼ ਕੁਮਾਰ ਤੇ ਇੰਸਪੈਕਟਰ ਕੁਲਭੂਸ਼ਨ ਦੀ ਅਗਵਾਈ ਹੇਠ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਜੰਗੀਰਾਣਾ ਲਿਆਂਦਾ ਗਿਆ। ਪੁਲੀਸ ਤਕਰੀਬਨ ਅੱਧਾ ਘੰਟਾ ਢਾਣੀ ਦੀ ਇੱਕ ਕੋਠੀ ਵਿੱਚ ਰਹੀ।
ਜਾਣਕਾਰੀ ਅਨੁਸਾਰ ਜਦੋਂ ਪੁਲੀਸ ਪੁੱਜੀ ਤਾਂ ਉਦੋਂ ਘਰ ’ਚ ਮਰਹੂਮ ਸਰਪੰਚ ਦੀ ਨੂੰਹ ਸ਼ਰਨਜੀਤ ਕੌਰ ਹਾਜ਼ਰ ਸੀ, ਜਿਸ ਤੋਂ ਪੁਲੀਸ ਨੇ ਸੁਆਲ ਪੁੱਛੇ। ਪੁਲੀਸ ਨੇ ਉਹ ਚੁਬਾਰਾ ਵੀ ਦੇਖਿਆ, ਜਿਸ ’ਚ ਹਨੀਪ੍ਰੀਤ ਨੇ ਛੇ ਦਿਨ ਗੁਜ਼ਾਰੇ ਸਨ। ਮਰਹੂਮ ਸਰਪੰਚ ਦੇ ਮੁੰਡੇ ਮਹਿੰਦਰ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਦੀ ਇੱਕ ਔਰਤ ਲੁਧਿਆਣਾ ਵਿੱਚ ਦਾਖ਼ਲ ਹੈ, ਜਿਥੇ ਪਰਿਵਾਰ ਦੇ ਬਾਕੀ ਮੈਂਬਰ ਗਏ ਹੋਏ ਸਨ। ਪੁਲੀਸ ਦੀ ਛਾਣਬੀਣ ਮੌਕੇ ਪਿੰਡ ਜੰਗੀਰਾਣਾ ਦਾ ਮੌਜੂਦਾ ਸਰਪੰਚ ਨਿਰਮਲ ਸਿੰਘ ਵੀ ਹਾਜ਼ਰ ਸੀ। ਇਹ ਘਰ ਹਨੀਪ੍ਰੀਤ ਦੀ ਸਾਥਣ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦੀ ਭੂਆ ਦਾ ਹੈ। ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਹਨੀਪ੍ਰੀਤ ਤੇ ਸੁਖਦੀਪ ਨੂੰ ਇੱਥੇ ਛੱਡ ਕੇ ਗਏ ਸਨ। ਹਨੀਪ੍ਰੀਤ ਛੇ ਦਿਨ ਚੁਬਾਰੇ ਅੰਦਰ ਹੀ ਰਹੀ। ਸੁਖਦੀਪ ਕੌਰ ਹੀ ਉਸ ਦਾ ਰੋਟੀ ਪਾਣੀ ਚੁਬਾਰੇ ’ਚ ਲੈ ਕੇ ਜਾਂਦੀ ਸੀ। ਪੁਲੀਸ ਅਨੁਸਾਰ ਜਦੋਂ ਸੁਖਦੀਪ ਕੌਰ ਨੇ ਪਰਿਵਾਰ ਕੋਲ ਹਨੀਪ੍ਰੀਤ ਦੀ ਪਛਾਣ ਦੱਸੀ ਤਾਂ ਪਰਿਵਾਰ ਨੇ ਉਸੇ ਦਿਨ ਉਨ੍ਹਾਂ ਨੂੰ ਤਾੜਨਾ ਕਰ ਦਿੱਤੀ ਅਤੇ ਉਹ ਦੂਜੇ ਦਿਨ ਹੀ ਦੋ ਨੌਜਵਾਨਾਂ ਨਾਲ ਕਿਧਰੇ ਚਲੀਆਂ ਗਈਆਂ। ਪੰਚਕੂਲਾ ਪੁਲੀਸ ਹੁਣ ਇਨ੍ਹਾਂ ਨੂੰ ਲਿਜਾਣ ਵਾਲੇ ਨੌਜਵਾਨਾਂ ਦੀ ਤਲਾਸ਼ ਵਿੱਚ ਜੁਟ ਗਈ ਹੈ।
ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਘਰ ਦੀ ਤਲਾਸ਼ੀ ਲਈ ਪਰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਪੰਚਕੂਲਾ ਟੀਮ ਨੇ ਨੰਦਗੜ੍ਹ ਥਾਣੇ ’ਚ ਹਾਜ਼ਰੀ ਤੇ ਰਵਾਨਗੀ ਪਾਈ। ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਚਕੂਲ ਪੁਲੀਸ ਕਰੀਬ ਅੱਧਾ ਘੰਟਾ ਜੰਗੀਰਾਣਾ ’ਚ ਰਹੀ। ਜਾਣਕਾਰੀ ਅਨੁਸਾਰ ਪਿੰਡ ਜੰਗੀਰਾਣਾ ਦੇ ਮਰਹੂਮ ਸਰਪੰਚ ਦੇ ਪਰਿਵਾਰ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਬਾਅਦ ਪੰਚਕੂਲਾ ਪੁਲੀਸ ਦੇਰ ਸ਼ਾਮ ਹਨੀਪ੍ਰੀਤ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂੰਮਾਨਗੜ੍ਹ) ਲੈ ਕੇ ਪੁੱਜੀ ਜਿਥੇ ਰਾਤ ਕਰੀਬ 10 ਵਜੇ ਤੱਕ ਪੁਲੀਸ ਨੇ ਡੇਰਾ ਮੁਖੀ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਪੁਲੀਸ ਨੇ ਦੁਪਹਿਰ ਮਗਰੋਂ ਹਨੀਪ੍ਰੀਤ ਦੇ ਉਹ ‘ਰਾਜਸਥਾਨੀ ਟਿਕਾਣੇ’ ਛਾਣੇ, ਜਿਥੇ ਉਸ ਨੇ ਆਪਣੀ ਠਹਿਰ ਬਣਾਈ ਹੋਈ ਸੀ। ਪੁਲੀਸ ਟੀਮ ਪਹਿਲਾਂ ਕਰੀਬ ਤਿੰਨ ਵਜੇ ਰਾਜਸਥਾਨ ਦੇ ਪਿੰਡ ਲਾਧੂਵਾਲਾ (ਗੰਗਾਨਗਰ) ਪੁੱਜੀ, ਜਿਸ ਨੂੰ ਗੰਗਾਨਗਰ ਪੁਲੀਸ ਦਾ ਸਹਿਯੋਗ ਵੀ ਹਾਸਲ ਸੀ। ਟੀਮ ਨੇ ਲਾਧੂਵਾਲਾ ਦੇ ਇੱਕ ਘਰ ’ਚ ਹਨੀਪ੍ਰੀਤ ਦੇ ਠਹਿਰਨ ਦੇ ਵੇਰਵੇ ਇਕੱਠੇ ਕੀਤੇ, ਜਿਥੇ ਕਾਫ਼ੀ ਸਮਾਂ ਛਾਣਬੀਣ ਚੱਲੀ।
ਟੀਮ ਕਰੀਬ 7.15 ਵਜੇ ਗੁਰੂਸਰ ਮੋਡੀਆ ਪੁੱਜੀ, ਜਿਥੇ ਡੇਰਾ ਮੁਖੀ ਦਾ ਪਰਿਵਾਰ ਰਹਿ ਰਿਹਾ ਹੈ। ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਮੁਢਲੇ ਕੁਝ ਦਿਨ ਇਥੇ ਹੀ ਪਰਿਵਾਰ ਨਾਲ ਬਿਤਾਏ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਡੇਰਾ ਮੁਖੀ ਦੇ ਸਾਰੇ ਪਰਿਵਾਰਕ ਜੀਆਂ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਹੈ ਅਤੇ ਹਨਪ੍ਰੀਤ ਦੀ ਨਿਸ਼ਾਨਦੇਹੀ ’ਤੇ ਘਰ ਦੇ ਕਮਰਿਆਂ ਦੀ ਛਾਣਬੀਣ ਕੀਤੀ ਹੈ। ਪਤਾ ਲੱਗਾ ਹੈ ਕਿ ਦੇਰ ਰਾਤ ਪੰਚਕੂਲਾ ਪੁਲੀਸ ਪਰਤ ਗਈ।