ਬਠਿੰਡਾ, ਇੱਥੇ ਸੰਘਰਸ਼ੀ ਮੋਰਚਾ ਉਖਾੜਨ ਲਈ ਸੈਂਕੜੇ ਆਂਗਣਵਾੜੀ ਮੁਲਾਜ਼ਮਾਂ ਨਾਲ ਪੁਲੀਸ ਨੇ ਖਿੱਚ-ਧੂਹ ਕੀਤੀ, ਜੋ ਕਾਲੀਆਂ ਚੁੰਨੀਆਂ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਰੋਧ ਵਿੱਚ ਪੁੱਜੀਆਂ ਹੋਈਆਂ ਸਨ। ਸ੍ਰੀ ਬਾਦਲ ਦੇ ਸਮਾਗਮ ਵਿੱਚ ਪੁੱਜਣ ਤੋਂ ਪਹਿਲਾਂ ਆਂਗਣਵਾੜੀ ਮੁਲਾਜ਼ਮਾਂ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਹੰਗਾਮਾ ਕੀਤਾ ਤੇ ਵਿੱਤ ਮੰਤਰੀ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਦੌਰਾਨ ਆਂਗਣਵਾੜੀ ਮੁਲਾਜ਼ਮਾਂ ਅਤੇ ਮਹਿਲਾ ਪੁਲੀਸ ਦਰਮਿਆਨ ਝੜਪ ਵੀ ਹੋਈ, ਜਿਸ ਮਗਰੋਂ ਪੁਲੀਸ ਨੇ ਆਂਗਣਵਾੜੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਕੁਝ ਸਮੇਂ ਬਾਅਦ ਰਿਹਾਅ ਕਰ ਦਿੱਤਾ।
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਦੇ ਬਠਿੰਡਾ ਦਫ਼ਤਰ ਅੱਗੇ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪੱਕਾ ਮੋਰਚਾ ਲਾਇਆ ਹੋਇਆ ਹੈ, ਜੋ ਅੱਜ 94ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਜਦੋਂ ਇਨ੍ਹਾਂ ਮੁਲਾਜ਼ਮਾਂ ਦੀ ਕਿਸੇ ਨੇ ਬਾਂਹ ਨਾ ਫੜੀ ਤਾਂ ਅੱਜ ਇਨ੍ਹਾਂ ਨੇ ਵਿੱਤ ਮੰਤਰੀ ਦੇ ਵਿਰੋਧ ਦਾ ਫ਼ੈਸਲਾ ਲੈ ਲਿਆ ਤੇ ਆਂਗਣਵਾੜੀ ਮੁਲਾਜ਼ਮਾਂ ਇਕੱਠੀਆਂ ਹੋ ਕੇ ਸਥਾਨਕ ਕਰਜ਼ਾ ਮੁਆਫ਼ੀ ਸਮਾਗਮ ਨੇੜੇ ਪੁੱਜ ਗਈਆਂ। ਜਦੋਂ ਇਨ੍ਹਾਂ ਨੇ ਅਸ਼ੋਕਾ ਪੈਲੇਸ ਦੇ ਅੰਦਰ ਦਾਖ਼ਲ ਹੋਣਾ ਚਾਹਿਆ ਤਾਂ ਪੁਲੀਸ ਨੇ ਗੇਟ ਬੰਦ ਕਰ ਲਏ। ਪੁਲੀਸ ਨੇ ਵਿੱਤ ਮੰਤਰੀ ਨੂੰ ਦੂਜੇ ਗੇਟ ਰਾਹੀਂ ਦਾਖ਼ਲ ਕੀਤਾ। ਜਦੋਂ ਐੱਸਐੱਸਪੀ ਨਵੀਨ ਸਿੰਗਲਾ ਖ਼ੁਦ ਸਮਾਗਮਾਂ ਵਾਲੀ ਥਾਂ ਪੁੱਜੇ ਤਾਂ ਪੁਲੀਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਤੇ ਮਾਹੌਲ ਤਣਾਅ ਵਾਲਾ ਬਣ ਗਿਆ।
ਮਹਿਲਾ ਪੁਲੀਸ ਦੀ ਪਹਿਲਾਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਖਿੱਚ-ਧੂਹ ਹੋਈ। ਇਸ ਤੋਂ ਖ਼ਫ਼ਾ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ’ਤੇ ਸਾਰੇ ਵਰਕਰਾਂ ਨੂੰ ਧੂਹ ਕੇ ਬੱਸਾਂ ਵਿੱਚ ਚੜ੍ਹਾਇਆ ਗਿਆ। ਬਠਿੰਡਾ ਪੁਲੀਸ ਨੇ ਕਰੀਬ ਸੌ ਦੇ ਕਰੀਬ ਆਂਗਣਵਾੜੀ ਮੁਲਾਜ਼ਮਾਂ ਅਤੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੋਂ ਇਲਾਵਾ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਭਗਤਾ, ਸੂਬਾ ਖ਼ਜ਼ਾਨਚੀ ਬਲਵੀਰ ਕੌਰ ਮਾਨਸਾ, ਦਲਜਿੰਦਰ ਕੌਰ ਊਧੋਨੰਗਲ, ਮਹਿੰਦਰ ਕੌਰ ਪੱਤੋ, ਰੇਸ਼ਮਾ ਰਾਣੀ ਫ਼ਾਜ਼ਿਲਕਾ, ਕ੍ਰਿਸ਼ਨਾ ਦੇਵੀ ਔਲਖ, ਸ਼ੀਲਾ ਦੇਵੀ ਗੁਰੂਹਰਸਹਾਏ, ਬਲਜੀਤ ਕੌਰ ਕੁਰਾਲੀ, ਰੀਮਾ ਰਾਣੀ ਰੋਪੜ, ਬਲਜੀਤ ਕੌਰ ਪੇਧਨੀ, ਸੁਨੀਤਾ ਲੋਹੀਆ ਤੇ ਸ਼ਿੰਦਰਪਾਲ ਕੌਰ ਜਲਾਲਾਬਾਦ ਨੂੰ ਹਿਰਾਸਤ ਵਿੱਚ ਲੈ ਕੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ, ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਰਿਹਾਅ ਕਰ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਜਨਰਲ ਸਕੱਤਰ ਗੁਰਮੀਤ ਕੌਰ ਗੋਨਿਆਣਾ ਨੇ ਕਿਹਾ ਕਿ ਵਿੱਤ ਮੰਤਰੀ 94 ਦਿਨਾਂ ਦੇ ਧਰਨੇ ਦੌਰਾਨ ਗੱਲ ਸੁਣਨ ਨੂੰ ਤਿਆਰ ਨਹੀਂ ਹੋਏ, ਜਿਸ ਤੋਂ ਅੱਕ ਕੇ ਉਨ੍ਹਾਂ ਅੱਜ ਵਿੱਤ ਮੰਤਰੀ ਨੂੰ ਘੇਰਨ ਦਾ ਪ੍ਰੋਗਰਾਮ ਉਲੀਕਿਆ ਸੀ।
ਦੂਜੇ ਪਾਸੇ ਜ਼ਿਲ੍ਹਾ ਪੁਲੀਸ ਨੇ ਅੱਜ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਆਂਗਣਵਾੜੀ ਵਰਕਰਾਂ ਦੇ ਟੈਂਟ ਆਦਿ ਉਖਾੜ ਦਿੱਤੇ। ਸ਼ਾਮ ਨੂੰ ਆਂਗਣਵਾੜੀ ਮੁਲਾਜ਼ਮਾਂ ਅੰਮ੍ਰਿਤ ਕੌਰ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਤੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਐੱਸਐੱਸਪੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਆਂਗਣਵਾੜੀ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਸਮਾਗਮਾਂ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਰੋਕਣ ਲਈ ਸੌ ਦੇ ਕਰੀਬ ਆਂਗਣਵਾੜੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਮਾਣ ਭੱਤੇ ਵਿੱਚ ਵਾਧਾ ਕੇਂਦਰ ਦੇ ਹੱਥ: ਵਿੱਤ ਮੰਤਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਆਂਗਣਵਾੜੀ ਮੁਲਾਜ਼ਮ ਕੇਂਦਰੀ ਸਕੀਮ ਦਾ ਹਿੱਸਾ ਹਨ ਤੇ ਵਰਕਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਵਿੱਚ ਪੰਜਾਬ ਸਰਕਾਰ ਦੀ ਵੀ ਹਿੱਸੇਦਾਰੀ ਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਆਪਣਾ ਹਿੱਸਾ ਵਧਾ ਕੇ ਆਂਗਣਵਾੜੀ ਵਰਕਰਾਂ ਨੂੰ ਕੁੱਲ 5000 ਰੁਪਏ ਮਾਣਮੱਤਾ ਦਿੱਤਾ ਜਾ ਰਿਹਾ ਹੈ। ਮਾਣ ਭੱਤੇ ਵਿੱਚ ਹੋਰ ਵਾਧਾ ਹੁਣ ਕੇਂਦਰ ਸਰਕਾਰ ਵੱਲੋਂ ਹੀ ਕੀਤਾ ਜਾਣਾ ਹੈ।