ਪਟਿਆਲਾ, 5 ਜਨਵਰੀ
ਪੰਜਾਬ ਪੁਲੀਸ ਵਿੱਚ ਮਹਿਲਾ ਮੁਲਾਜ਼ਮਾਂ ਦੀ ਨਫ਼ਰੀ 33 ਫ਼ੀਸਦੀ ਹੋਵੇਗੀ, ਜੋ ਹੁਣ ਸਿਰਫ਼ 7.5 ਫ਼ੀਸਦੀ ਹੈ| ਇਹ ਐਲਾਨ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਇੱਥੇ ‘ਪੁਲੀਸ ਵਿੱਚ ਔਰਤਾਂ ਦੀ ਭੂਮਿਕਾ ਅਤੇ ਵਿਵਹਾਰਿਕ ਤਬਦੀਲੀ’ ਵਿਸ਼ੇ ’ਤੇ ਪਲੇਠੀ ਜ਼ੋਨਲ ਮਹਿਲਾ ਪੁਲੀਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ|
ਪੁਲੀਸ ਮੁਖੀ ਦਾ ਕਹਿਣਾ ਸੀ ਕਿ ਕੇਂਦਰੀ ਮਹਿਲਾ ਕਮਿਸ਼ਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਪੁਲੀਸ ਮੁਲਾਜ਼ਮਾਂ ਦੀ ਨਫ਼ਰੀ 33 ਫ਼ੀਸਦੀ ਕਰਨ ਲਈ ਪੜਾਅਵਾਰ ਭਰਤੀ ਕੀਤੀ ਜਾਵੇਗੀ|
ਇਸ ਕਾਨਫਰੰਸ ਵਿੱਚ ਪੰਜਾਬ ਦੀਆਂ 5 ਵਿੱਚੋਂ 2 ਰੇਂਜਾਂ ਦੀਆਂ ਵੱਡੀ ਗਿਣਤੀ ਮਹਿਲਾ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ| ਉਨ੍ਹਾਂ ਕਿਹਾ ਕਿ ਦੋ ਹੋਰ ਕਾਨਫਰੰਸਾਂ ਕਰਨ ਮਗਰੋਂ 8 ਮਾਰਚ ਨੂੰ ‘ਮਹਿਲਾ ਦਿਵਸ’ ਮੌਕੇ ਵੱਡੀ ਕਾਨਫਰੰਸ ਦੌਰਾਨ ਪੁਲੀਸ ਵਿੱਚ ਮਹਿਲਾਵਾਂ ਦੇ ਕੰਮ ਦੇ ਹਾਲਾਤ, ਤਰੱਕੀਆਂ, ਘਰ ਦੇ ਨੇੜੇ ਤਾਇਨਾਤੀ, ਹੱਕਾਂ ਤੇ ਲੋੜਾਂ ਬਾਬਤ ਨੀਤੀਆਂ ਬਣਾ ਕੇ ਲਾਗੂ ਕਰਨ ਵੱਲ ਵੱਡਾ ਕਦਮ ਪੁੱਟਿਆ ਜਾਵੇਗਾ। ਉਨ੍ਹਾਂ ਮਹਿਲਾ ਇੰਸਪੈਕਟਰਾਂ/ ਐਸਆਈ/ ਏਐਸਆਈ ਤੇ ਮੁਲਾਜ਼ਮਾਂ ਨੂੰ ਥਾਣਾ ਮੁਖੀ/ਚੌਕੀ ਇੰਚਾਰਜ, ਮੁਨਸ਼ੀ ਤੇ ਤਫ਼ਤੀਸ਼ੀ ਅਫ਼ਸਰਾਂ ਵਜੋਂ ਵੀ ਮੌਕੇ ਦੇਣ ਦੀ ਗੱਲ ਆਖੀ|
ਆਈਜੀ (ਪ੍ਰੋਵੀਜ਼ਨਿੰਗ) ਗੁਰਪ੍ਰੀਤ ਕੌਰ ਦਿਓ ਦਾ ਕਹਿਣਾ ਸੀ ਕਿ ਮਹਿਲਾ ਪੁਲੀਸ ਕਰਮਚਾਰੀਆਂ ਦੀਆਂ ਮੁਸ਼ਕਲਾਂ ਤੇ ਲੋੜਾਂ ਦੇ ਹੱਲ ਸਮੇਤ ਪੁਲੀਸ ਨੂੰ ਲੋਕਾਂ ਦੇ ਸਰੋਕਾਰਾਂ ਅਤੇ ਮਹਿਲਾਵਾਂ ਵਿਰੁੱਧ ਵਧ ਰਹੇ ਜੁਰਮਾਂ ਬਾਬਤ ਹੋਰ ਸੰਵੇਦਨਸ਼ੀਲ ਬਣਾਉਣਾ ਹੀ ਇਨ੍ਹਾਂ ਕਾਨਫਰੰਸਾਂ ਦਾ ਟੀਚਾ ਹੈ| ਇੰਸਟੀਚਿਊਟ ਆਫ਼ ਕੁਰੈਕਸ਼ਨਲ ਐਡਮਨਿਸਟ੍ਰੇਸ਼ਨ ਚੰਡੀਗੜ੍ਹ ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਕੂੰਜੀਵਤ ਭਾਸ਼ਣ ਦੌਰਾਨ ਮੌਜੂਦਾ ਸਮਾਜਿਕ ਲੋੜਾਂ ਪ੍ਰਤੀ ਪੁਲੀਸ ਨੂੰ ਹੋਰ ਸੰਵੇਦਨਸ਼ੀਲ ਹੋਣ ਤੇ ਮਹਿਲਾ ਪੁਲੀਸ ਬਲਾਂ ਨੂੰ ਵਧੇਰੇ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਇਸ ਮੌਕੇ ਡੀਜੀਪੀ ਨੇ ਮਹਿਲਾ ਕਰਮੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਮੇਟੀ ਬਣਾ ਕੇ ਏਆਈਜੀ (ਵੈੱਲਫੇਅਰ ਐਂਡ ਲਿਟੀਗੇਸ਼ਨ) ਹਰਪ੍ਰੀਤ ਕੌਰ ਨੂੰ ਵੀ ਵਿੱਚ ਸ਼ਾਮਲ ਕਰਨ ਦੀ ਗੱਲ ਆਖੀ| ਕਾਨਫਰੰਸ ਦੇ ਪਹਿਲੇ ਸੈਸ਼ਨ ਵਿੱਚ ਸਿਧਾਰਥ ਚਟੋਪਾਧਿਆ, ਪ੍ਰਬੋਧ ਕੁਮਾਰ, ਅਨੀਤਾ ਪੁੰਜ, ਜਤਿੰਦਰ ਸਿੰਘ ਔਲਖ, ਏ.ਐਸ. ਰਾਏ, ਸ਼ਸੀ ਪ੍ਰਭਾ ਦਿਵੇਦੀ, ਨੌਨਿਹਾਲ ਸਿੰਘ, ਅਮਰ ਸਿੰਘ ਚਾਹਲ ਤੇ ਡਾ. ਸੁਖਚੈਨ ਸਿੰਘ ਗਿੱਲ ਹਾਜ਼ਰ ਸਨ| ਕਾਨਫਰੰਸ ਦੇ ਅਗਲੇ ਸੈਸ਼ਨਾਂ ਵਿੱਚ ਔਰਤਾਂ ਨੂੰ ਪੁਲੀਸ ਵਿੱਚ ਦਰਪੇਸ਼ ਮਸਲਿਆਂ ’ਤੇ ਗੱਲ ਕੀਤੀ ਗਈ। ਮਹਿਲਾ ਮੁਲਾਜ਼ਮਾਂ ਨੇ ਬਾਹਰਲੇ ਜ਼ਿਲ੍ਹਿਆਂ ਵਿੱਚ ਡਿਊਟੀ ਦੌਰਾਨ ਰਹਿਣ ਸਹਿਣ ਦੇ ਢੁਕਵੇਂ ਪ੍ਰ੍ਰਬੰਧ ਨਾ ਹੋਣ, ਮਹਿਲਾ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਪੁਰਸ਼ ਮੁਲਾਜ਼ਮਾਂ ਵੱਲੋਂ ਅਸੱਭਿਅਕ ਭਾਸ਼ਾ ਦੀ ਵਰਤੋਂ, ਥਾਣਿਆਂ ਵਿੱਚ ਮਹਿਲਾ ਮੁਲਾਜ਼ਮਾਂ ਲਈ ਵੱਖਰੀਆਂ ਬੈਰਕਾਂ ਤੇ ਪਖ਼ਾਨਿਆਂ ਦੀ ਲੋੜ ਆਦਿ ਮਾਮਲੇ ਉਠਾਏ| ਕਈ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤਫ਼ਤੀਸ਼ ਤੋਂ ਦੂਰ ਰੱਖਣ ਦੀ ਸ਼ਿਕਾਇਤ ਕੀਤੀ|
ਡੀਆਈਜੀ ਸੁਖਚੈਨ ਸਿੰਘ ਗਿੱਲ ਨੇ ਸਟੇਜ ਤੋਂ ਜਵਾਬ ਦਿੰਦਿਆਂ ਭਵਿੱਖ ਵਿੱਚ ਕਿਸੇ ਵੀ ਮਹਿਲਾ ਮੁਲਾਜ਼ਮ ਨਾਲ ਅਜਿਹਾ ਨਾ ਹੋਣ ਦੇਣ ਦਾ ਭਰੋਸਾ ਦਿਵਾਇਆ| ਇਹ ਕਾਨਫਰੰਸ ਪੁਲੀਸ ਵਿਭਾਗ ਵੱਲੋਂ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਸਮੇਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਗਈ ਸੀ| ਇਸ ਮੌਕੇ ਏਆਈਜੀ ਸਨਮੀਤ ਕੌਰ, ਫ਼ਤਹਿਗੜ੍ਹ ਸਾਹਿਬ ਦੀ ਮਹਿਲਾ ਐਸਐਸਪੀ ਅਲਕਾ ਮੀਨਾ, ਪਟਿਆਲਾ ਦੀ ਐਸਪੀ ਕੰਵਰਦੀਪ ਕੌਰ ਤੇ ਦੀਪਿਕਾ ਸਿੰਘ ਵੀ ਹਾਜ਼ਰ ਸਨ|