ਨਵੀਂ ਦਿੱਲੀ, 6 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ’ਚ ਨਾਮਜ਼ਦ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਪੁਰਾਣੀ ਵੀਡੀਓ ਦੇ ਕੁਝ ਅੰਸ਼ ਨਸ਼ਰ ਕਰਕੇ ਮੰਗ ਕੀਤੀ ਹੈ ਕਿ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਵੀਡੀਓ ਕਲਿੱਪਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਟਾਈਟਲਰ 100 ਸਿੱਖਾਂ ਨੂੰ ਕਥਿਤ ਤੌਰ ’ਤੇ ਮਾਰਨ ਦੀ ਗੱਲ ਕਰ ਰਿਹਾ ਹੈ ਜੋ ਉਸ ਦਾ ਇਕਬਾਲੀਆ ਬਿਆਨ ਮੰਨਿਆ ਜਾਣਾ ਚਾਹੀਦਾ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਟਾਈਟਲਰ ਦੀਆਂ ਪੰਜ ਵੀਡੀਓ ਕਲਿੱਪਾਂ ਦਿਖਾਈਆਂ ਗਈਆਂ ਜੋ 8 ਦਸੰਬਰ 2011 ਦੀਆਂ ਜਾਪਦੀਆਂ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੰਦ ਲਿਫਾਫ਼ਾ 3 ਫਰਵਰੀ ਨੂੰ ਦੁਪਹਿਰ ਸਮੇਂ ਇਕ ਅਣਪਛਾਤਾ ਵਿਅਕਤੀ ਗ੍ਰੇਟਰ ਕੈਲਾਸ਼ ਵਾਲੇ ਘਰ ’ਚ ਦੇ ਕੇ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕਤਲੇਆਮ ਕਰਕੇ ਹੀ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਉਸ ਤੋਂ ਵਿਸ਼ਵਾਸ ਉਠ ਗਿਆ ਸੀ। ਜੀਕੇ ਨੇ ਐਲਾਨ ਕੀਤਾ ਕਿ ਜੇਕਰ ਜਾਂਚ ਏਜੰਸੀਆਂ ਨੇ 24 ਘੰਟੇ ਵਿੱਚ ਟਾਈਟਲਰ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਦਿੱਲੀ ਕਮੇਟੀ ਇਥੇ ਪੁਲੀਸ ਹੈੱਡਕੁਆਰਟਰ ਦਾ ਘਿਰਾਓ ਕਰੇਗੀ ਅਤੇ ਅਕਾਲੀ ਦਲ ਵੱਲੋਂ ਸੰਸਦ ਵਿੱਚ ਵੀ ਇਹ ਮੁੱਦਾ ਉਠਾਇਆ ਜਾਵੇਗਾ।
ਦਿੱਲੀ ਕਮੇਟੀ ਨੇ ਵੱਖ ਵੱਖ ਜਾਂਚ ਏਜੰਸੀਆਂ ਅਤੇ ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਐਸਆਈਟੀ ਨੂੰ ਤੁਰੰਤ ਕਾਰਵਾਈ ਕਰਨ ਲਈ ਪੱਤਰ ਵੀ ਲਿਖੇ ਹਨ। ਵੀਡੀਓ ’ਚ ਟਾਈਟਲਰ ਆਪਣੇ ਦੋਸਤਾਂ ਤੋਂ 150 ਕਰੋੜ ਰੁਪਏ ਵਾਪਿਸ ਨਾ ਮਿਲਣ ’ਤੇ ਅਫ਼ਸੋਸ ਜਤਾ ਰਿਹਾ ਹੈ, ਜੋ ਬੇਨਾਮੀ, ਅਣ-ਐਲਾਨੇ ਧਨ ਦਾ ਮਾਮਲਾ ਹੈ। ਇਕ ਹੋਰ ਕਲਿੱਪ ’ਚ ਟਾਈਟਲਰ ਸਵਿੱਸ ਅਕਾਊਂਟ ਵਾਲੀ ਕੰਪਨੀ ’ਚ ਆਪਣੇ ਪੁੱਤਰ ਦੇ ਸ਼ੇਅਰ ਹੋਣ ਦਾ ਜ਼ਿਕਰ ਕਰ ਰਿਹਾ ਹੈ ਤੇ ਕਾਂਗਰਸ ਹਾਈ ਕਮਾਨ ਨਾਲ ਰਾਜ ਸਭਾ ਜਾਂ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਮਿਲਣ ਬਾਰੇ ਹੋਈ ਗੱਲਬਾਤ ਦੀ ਜਾਣਕਾਰੀ ਦੇ ਰਿਹਾ ਹੈ। ਉਹ ਇਕ ਹੋਰ ਕਲਿੱਪ ’ਚ ਨਿਆਂਪਾਲਿਕਾ ’ਚ ਦਖ਼ਲ ਦਾ ਖ਼ੁਲਾਸਾ ਵੀ ਕਰਦਾ ਹੈ। ਇਸੇ ਤਰ੍ਹਾਂ ਦੀ ਇਕ ਹੋਰ ਕਲਿੱਪ ’ਚ ਟਾਈਟਲਰ ਅੰਨਾ ਹਜ਼ਾਰੇ, ਕਿਰਨ ਬੇਦੀ ਅਤੇ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਵੀ ਕਰ ਰਿਹਾ ਹੈ ਤੇ ਕੇਜਰੀਵਾਲ ਨੂੰ ਗੋਲੀ ਲੱਗਣ ਦੀ ਭਵਿੱਖਬਾਣੀ ਕਰਦਾ ਹੈ।
ਟਾਈਟਲਰ ਨੂੰ ਕਲੀਨ ਚਿੱਟ ਦੇਣ ਲਈ ਅਮਰਿੰਦਰ ਸਿੰਘ ਮੁਆਫ਼ੀ ਮੰਗਣ: ਜਰਨੈਲ ਸਿੰਘ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖ ਕਤਲੇਆਮ ਦੇ ਮੁਕੱਦਮਿਆਂ ਵਿੱਚ ਨਾਮਜ਼ਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ‘ਕਲੀਨ ਚਿੱਟ’ ਦੇਣ ਲਈ ਸਿੱਖਾਂ ਕੋਲੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਅੱਜ ਹੋਏ ਨਵੇਂ ਖ਼ੁਲਾਸਿਆਂ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਗਈ ‘ਵਿਸ਼ੇਸ਼ ਜਾਂਚ ਟੀਮ ਸਾਹਮਣੇ ਸਬੂਤਾਂ ਸਮੇਤ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦਾਗ਼ੀ ਆਗੂ ਨੂੰ ਪਾਰਟੀ ਵਿੱਚੋਂ ਬਾਹਰ ਕੱਢੇ। ‘’ਆਪ’ ਦੇ ਦਾਖ਼ਾ (ਪੰਜਾਬ) ਤੋਂ ਵਿਧਾਇਕ ਐਚ ਐਸ ਫੂਲਕਾ ਨੇ ਮੰਗ ਕੀਤੀ ਕਿ ਮਨਜੀਤ ਸਿੰਘ ਜੀਕੇ ਵੱਲੋਂ ਟਾਈਟਲਰ ਦੀ ਜਾਰੀ ਵੀਡੀਓ ਸੀਬੀਆਈ ਨੂੰ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਵੀਡੀਓ ਦੇ ਸਬੂਤਾਂ ਨੂੰ ਇਸ ਆਧਾਰ ’ਤੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ‘ਕਲਿੱਪਸ’ ਦਾ ਸਰੋਤ ਪੁਖਤਾ ਨਹੀਂ ਹੈ। ਇਸ ਦੌਰਾਨ ਦਿੱਲੀ ਭਾਜਪਾ ਦੇ ਆਗੂ ਆਰ ਪੀ ਸਿੰਘ ਨੇ ਦਿੱਲੀ ਪੁਲੀਸ ਦੇ ਵਧੀਕ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੀਡੀਓ ਕਲਿੱਪਾਂ ਦੇ ਆਧਾਰ ’ਤੇ ਜਗਦੀਸ਼ ਟਾਈਟਲਰ ਨੂੰ ਧਾਰਾ 302, 147/149 ਤੇ 120-ਬੀ ਤਹਿਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਨਵੀਂ ਸਿੱਟ ’ਚ ਵਾਸਨ ਨੂੰ ਮੈਂਬਰ ਬਣਾਉਣ ਦੀ ਵਕਾਲਤ
ਨਵੀਂ ਦਿੱਲੀ: ਕੇਂਦਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਅਪੀਲ ਦਾਖ਼ਲ ਕਰਕੇ ਮੰਗ ਕੀਤੀ ਹੈ ਕਿ ਸਿੱਖ ਕਤਲੇਆਮ ਦੇ 186 ਕੇਸਾਂ ਦੀ ਅੱਗੇ ਹੋਰ ਜਾਂਚ ਦੀ ਨਿਗਰਾਨੀ ਲਈ ਬਣਾਈ ਗਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ’ਚ ਡੀਜੀ ਰੈਂਕ ਦੇ ਸਾਬਕਾ ਅਧਿਕਾਰੀ ਨਵਨੀਤ ਰਾਜਨ ਵਾਸਨ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇ। ਸਰਕਾਰ ਨੇ ਆਈਜੀ ਰੈਂਕ ਦੇ ਸਾਬਕਾ ਅਧਿਕਾਰੀ ਰਾਜਦੀਪ ਸਿੰਘ ਦੀ ਥਾਂ ’ਤੇ ਸ੍ਰੀ ਵਾਸਨ ਨੂੰ ਮੈਂਬਰ ਬਣਾਉਣ ਦੀ ਮੰਗ ਕੀਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ’ਤੇ ਆਧਾਰਿਤ ਬੈਂਚ ਵੱਲੋਂ ਪਟੀਸ਼ਨ ’ਤੇ ਹਫ਼ਤੇ ਮਗਰੋਂ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਵੱਲੋਂ ਸਾਬਕਾ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠ ਸਿੱਟ ਬਣਾਈ ਗਈ ਸੀ ਜਿਸ ’ਚ ਅਭਿਸ਼ੇਕ ਦੁਲਾਰ ਅਤੇ ਰਾਜਦੀਪ ਸਿੰਘ ਨੂੰ ਮੈਂਬਰ ਬਣਾਇਆ ਗਿਆ ਸੀ।