ਚੰਡੀਗੜ੍ਹ, ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਰਾਜਿੰਦਰ ਕੌਰ ਭੱਠਲ ਚੰਡੀਗੜ੍ਹ ਦੇ ਸੈਕਟਰ ਦੋ ਵਿਚਲੀ ਸਰਕਾਰੀ ਕੋਠੀ ਵਿੱਚ ਹੀ ਰਹਿਣਗੇ। ਇਸ ਤਜਵੀਜ਼ ਨੂੰ ਮੁੱਖ ਮੰਤਰੀ ਵਲੋਂ ਪ੍ਰਵਾਨ ਕਰ ਲਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅੁਨਸਾਰ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਵਾਈਸ ਚੇਅਰਮੈਨ ਭੱਠਲ ਨੂੰ ਸੈਕਟਰ ਦੋ ਵਿਚਲੀ ਅੱਠ ਨੰਬਰ ਸਰਕਾਰੀ ਕੋਠੀ ਦੇਣ ਲਈ ਇਕ ਤਜਵੀਜ਼ ਤਿਆਰ ਕੀਤੀ ਹੈ। ਉਨ੍ਹਾਂ ਨੂੰ ਯੋਜਨਾ ਬੋਰਡ ਦਾ ਵਾਈਸ ਚੇਅਰਮੈਨ ਬਣਾਉਣ ਦੇ ਨਾਲ ਕੈਬਨਿਟ ਰੈਂਕ ਵੀ ਦਿੱਤਾ ਗਿਆ ਹੈ ਤੇ ਇਸ ਕਰ ਕੇ ਉਨ੍ਹਾਂ ਨੂੰ ਸਰਕਾਰੀ ਕੋਠੀ ਅਤੇ ਹੋਰ ਸੁੱਖ ਸਹੂਲਤਾਂ ਮਿਲਣਗੀਆਂ। ਵਰਨਣਯੋਗ ਹੈ ਕਿ ਉਨ੍ਹਾਂ ਕੋਲ ਪਹਿਲਾਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਇਸੇ ਸੈਕਟਰ ਵਿਚ 46 ਨੰਬਰ ਕੋਠੀ ਹੁੰਦੀ ਸੀ ਪਰ ਪਿਛਲੀ ਵਾਰ ਕਾਂਗਰਸ ਨੇ ਸੁਨੀਲ ਜਾਖੜ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਸੀ ਤੇ ਉਨ੍ਹਾਂ ਨੂੰ ਇਹ ਕੋਠੀ ਅਲਾਟ ਹੋ ਗਈ ਸੀ ਤੇ ਬਾਦਲ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਨੂੰ ਕੋਠੀ ਨੰਬਰ ਅੱਠ ਅਲਾਟ ਕਰ ਦਿੱਤੀ ਸੀ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਹਾਰ ਗਏ ਸਨ ਪਰ ਉਨ੍ਹਾਂ ਨੇ ਸਰਕਾਰੀ ਕੋਠੀ ਨਹੀਂ ਸੀ ਛੱਡੀ ਤੇ ਇਸ ਕਰਕੇ ਇਸ ਦਾ ਕਿਰਾਇਆ 84 ਲੱਖ ਰੁਪਏ ਹੋ ਗਿਆ ਸੀ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮੁਆਫ ਕਰ ਦਿਤਾ ਸੀ । ਹੁਣ ਵੀ ਉਨ੍ਹਾਂ ਵੱਲ ਕਿਰਾਏ ਦੇ ਚਾਲੀ ਲੱਖ ਰੁਪਏ ਬਕਾਇਆ ਹਨ ਤੇ ਇਸ ਨੂੰ ਮੁਆਫ ਕਰਨ ਦੀ ਤਜਵੀਜ਼ ਤਿਆਰ ਕਰ ਲਈ ਗਈ ਹੈ।