ਚੰਡੀਗੜ੍ਹ, 30 ਮਈ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿੱਚ ਇੰਮਪੀਰੀਅਲ ਗਾਰਡਨ ਵਿਖੇ ਨਿਰਮਾਣ ਅਧੀਨ ਬਹੁਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਨਗਰ ਕੌਂਸਲ ਜ਼ੀਰਕਪੁਰ ਦੇ ਸੁਪਰਡੈਂਟ ਬਲਵਿੰਦਰ ਸਿੰਘ, ਜੂਨੀਅਰ ਇੰਜਨੀਅਰ ਰਾਜੀਵ ਕੁਮਾਰ ਤੇ ਅਨਿਲ ਸ਼ਰਮਾ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਦੋਂ ਕਿ ਪੰਜ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਸਿੱਧੂ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਜ਼ੀਰਕਪੁਰ ਚਾਰ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਡਿੱਗਣ ਦੇ ਮਾਮਲੇ ਦੀ ਜਾਂਚ ਲਈ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ ਜਿਸ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ, ਮੁੱਖ ਇੰਜਨੀਅਰ, ਮੁੱਖ ਚੌਕਸੀ ਅਧਿਕਾਰੀ, ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਦਾ ਨੁਮਾਇੰਦਾ ਸ਼ਾਮਲ ਸੀ। ਕਮੇਟੀ ਵੱਲੋਂ ਇਮਾਰਤ ਡਿੱਗਣ ਅਤੇ ਇਸ ਮਾਮਲੇ ਵਿੱਚ ਅੱਗੇ ਤੋਂ ਸਾਵਧਾਨੀ ਰੱਖਣ ਦੇ ਨੁਕਤੇ ਦੱਸਣ ਲਈ ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਨੂੰ ਤਕਨੀਕੀ ਰਿਪੋਰਟ ਦੇਣ ਲਈ ਕਿਹਾ ਗਿਆ ਸੀ।
ਇਸ ਕਮੇਟੀ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਬਿਲਡਿੰਗ ਡਿੱਗਣ ਦਾ ਮੁੱਖ ਕਾਰਨ ਨਿਰਮਾਣ ਵਿੱਚ ਤਰੁੱਟੀਆਂ ਸੀ। ਇਸ ਤੋਂ ਇਲਾਵਾ ਬਿਲਡਿੰਗ ਮਾਲਕਾਂ ਵੱਲੋਂ ਉਸਾਰੀ ਕੰਮ ਸ਼ੁਰੂ ਕਰਨ ਸਬੰਧੀ ਜਾਣਕਾਰੀ ਨਗਰ ਕੌਂਸਲ ਜ਼ੀਰਕਪੁਰ ਨੂੰ ਨਹੀਂ ਦਿੱਤੀ ਗਈ। ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵੀ ਡਿਊਟੀ ਵਿੱਚ ਕੁਤਾਹੀ ਵਰਤਦਿਆਂ ਬਿਲਡਿੰਗ ਦੀ ਉਸਾਰੀ ਦੌਰਾਨ ਕੋਈ ਚੈਕਿੰਗ ਨਹੀਂ ਕੀਤੀ ਜਿਸ ਦੇ ਦੋਸ਼ ਵਿੱਚ ਸੁਪਰਡੈਂਟ ਬਲਵਿੰਦਰ ਸਿੰਘ, ਜੂਨੀਅਰ ਇੰਜਨੀਅਰ ਰਾਜੀਵ ਕੁਮਾਰ ਤੇ ਅਨਿਲ ਸ਼ਰਮਾ ਨੂੰ ਮੁਅੱਤਲ ਕਰਨ ਦਾ ਫੈਸਲਾ ਕਰਦਿਆਂ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਨਿਗਰਾਨੀ ਵਾਲੇ ਪੰਜ ਹੋਰ ਅਧਿਕਾਰੀਆਂ ਸਹਾਇਕ ਮਿਉਂਸਪਲ ਇੰਜਨੀਅਰ ਸੁਖਵਿੰਦਰ ਸਿੰਘ, ਮਿਉਂਸਪਲ ਇੰਜਨੀਅਰ ਗੁਰਪ੍ਰਤਾਪ ਸਿੰਘ, ਨਿਗਰਾਨ ਇੰਜਨੀਅਰ ਕੁਲਦੀਪ ਵਰਮਾ ਅਤੇ ਕਾਰਜਸਾਧਕ ਅਧਿਕਾਰੀ ਐਸ.ਕੇ. ਗਰੇਵਾਲ ਤੇ ਮਨਵੀਰ ਸਿੰਘ ਗਿੱਲ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਉਨ੍ਹਾਂ ਨੇ ਨਿਗਰਾਨੀ ਕਰਨ ਦੀ ਆਪਣੀ ਡਿਊਟੀ ਕਿਉਂ ਨਹੀਂ ਨਿਭਾਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਨਿਯਮ ਦੀ ਉਲੰਘਣਾ ਕਰ ਕੇ ਕੋਈ ਇਮਾਰਤ ਉਸਾਰੀ ਗਈ ਤਾਂ ਮਾਲਕਾਂ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਨਿਰਮਾਣ ਕੰਮ ਸਬੰਧੀ ਨਕਸ਼ਾ ਲਾਜ਼ਮੀ ਬਣਾਇਆ ਜਾਵੇ ਅਤੇ ਢਾਂਚਾਗਤ ਸੁਰੱਖਿਆ ਸਰਟੀਫਿਕੇਟ ਲੈਣਾ ਵੀ ਯਕੀਨੀ ਬਣਾਇਆ ਜਾਵੇ। ਬਿਲਡਿੰਗ ਪਲਾਨ ਪਾਸ ਕਰਵਾਉਣ ਵਾਲੇ ਮਾਲਕ ਕੋਲੋਂ ਇਹ ਵੀ ਲਿਖ ਕੇ ਲਿਆ ਜਾਵੇ ਕਿ ਉਹ ਨਿਰਮਾਣ ਲਈ ਕਿਹੋ ਜਿਹੀ ਸਮੱਗਰੀ ਵਰਤ ਰਿਹਾ ਹੈ ਅਤੇ ਕਿਸੇ ਵੀ ਹਾਦਸੇ ਲਈ ਉਹ ਜ਼ਿੰਮੇਵਾਰ ਹੋਵੇਗਾ।