ਫ਼ਰੀਦਕੋਟ, 7 ਨਵੰਬਰ
ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਨੇ 33 ਲੱਖ ਰੁਪਏ ਦੀ ਠੱਗੀ ਮਾਰੀ। ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਫ਼ਰੀਦਕੋਟ ਪੁਲੀਸ ਨੇ ਸੰਸਦ ਮੈਂਬਰ ਦੇ ਸਾਬਕਾ ਪੀ.ਏ. ਗੁਰਸੇਵਕ ਸਿੰਘ ਉਰਫ਼ ਪ੍ਰੀਤ ਵਾਸੀ ਅਮੀ ਵਾਲਾ ਜ਼ਿਲ੍ਹਾ ਮੋਗਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420 ਤੇ 406 ਤਹਿਤ ਕੇਸ ਦਰਜ ਕਰ ਲਿਆ ਹੈ। ਗੁਰਸੇਵਕ ਸਿੰਘ ਅੱਜ ਕੱਲ ਸੰਸਦ ਭਗਵੰਤ ਮਾਨ ਦਾ ਨਿੱਜੀ ਸਹਾਇਕ ਹੈ।
ਗੁਰਸੇਵਕ ਸਿੰਘ 2014 ਤੋਂ 2016 ਤੱਕ ਪ੍ਰੋ. ਸਾਧੂ ਸਿੰਘ ਦਾ ਨਿੱਜੀ ਸਹਾਇਕ ਰਿਹਾ। 2014 ਵਿੱਚ ਸੰਸਦ ਮੈਂਬਰ ਅਚਾਨਕ ਬਿਮਾਰ ਹੋਣ ਕਾਰਨ ਡੀ.ਐੱਮ.ਸੀ. ਲੁਧਿਆਣਾ ਦਾਖ਼ਲ ਰਹੇ। ਇਸ ਦੌਰਾਨ ਉਨ੍ਹਾਂ ਭਾਰਤੀ ਸਟੇਟ ਬੈਂਕ ਬਰਾਂਚ ਪਾਰਲੀਮੈਂਟ ਹਾਊਸ ਦਾ ਏ.ਟੀ.ਐਮ ਕਾਰਡ ਆਪਣੇ ਨਿੱਜੀ ਸਹਾਇਕ ਨੂੰ ਦਿੱਤਾ ਹੋਇਆ ਸੀ। ਇਸ ਖਾਤੇ ਵਿੱਚ ਸੰਸਦ ਮੈਂਬਰ ਦੀ ਤਨਖ਼ਾਹ ਅਤੇ ਹੋਰ ਭੱਤੇ ਆਉਂਦੇ ਸਨ। ਨਿੱਜੀ ਸਹਾਇਕ ਨੇ ਦੋ ਸਾਲਾਂ ਦੇ ਸਮੇਂ ਦੌਰਾਨ ਪ੍ਰੋ. ਸਾਧੂ ਸਿੰਘ ਦੇ ਖਾਤਾ ਨੰਬਰ 33859204797 ਵਿੱਚੋਂ ਏ.ਟੀ.ਐੱਮ. ਕਾਰਡ ਰਾਹੀਂ 33 ਲੱਖ 13 ਹਜ਼ਾਰ 267 ਰੁਪਏ ਕਢਵਾ ਲਏ ਅਤੇ ਇਸ ਨੂੰ ਨਿੱਜੀ ਹਿੱਤਾਂ ਲਈ ਵਰਤ ਲਿਆ। ਇਸ ਠੱਗੀ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰੋ. ਸਾਧੂ ਸਿੰਘ ਨੇ ਆਪਣੇ ਨਿੱਜੀ ਸਹਾਇਕ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਪਰ ਉਸ ਨੇ ਪੈਸੇ ਨਹੀਂ ਮੋੜੇ। ਪੁਲੀਸ ਨੇ ਸੰਸਦ ਮੈਂਬਰ ਦੀ ਸ਼ਿਕਾਇਤ ਉਪਰ ਤਿੰਨ ਮਹੀਨੇ ਦੀ ਲੰਮੀ ਪੜਤਾਲ ਮਗਰੋਂ ਪੀ.ਏ. ਗੁਰਸੇਵਕ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਗੁਰਸੇਵਕ ਸਿੰਘ ਨੇ ਵਿਸ਼ਵਾਸਘਾਤ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਗੁਰਸੇਵਕ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 420 ਤੇ 406 ਤਹਿਤ ਪਰਚਾ ਦਰਜ ਕਰ ਲਿਆ। ਸੰਪਰਕ ਕਰਨ ‘ਤੇ ਗੁਰਸੇਵਕ ਸਿੰਘ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ।