ਫਾਜ਼ਿਲਕਾ, 24 ਮਾਰਚ: ਜ਼ਿਲਾ ਮੈਜਿਸਟ੍ਰੇਟ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਦੇ ਹੁਕਮਾਂ ਤਹਿਤ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ 31 ਮਾਰਚ 2020 ਤੱਕ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਅਤੇ ਲੋਕਾਂ ਦੇ ਇਕੱਠ ‘ਤੇ ਵੀ ਪਾਬੰਦੀ ਦੇ ਆਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਅਬੋਹਰ ਸ੍ਰੀ ਵਿਨੋਦ ਕੁਮਾਰ ਬਾਂਸਲ ਨੇ ਦਿੱਤੀ। ਉਨਾਂ ਸਬ ਡਵੀਜ਼ਨ ਅਬੋਹਰ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੀਆਂ ਸੱਥਾਂ ‘ਤੇ ਬੈਠਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਬਿਲਕੁੱਲ ਵੀ ਇਕੱਠ ਨਾ ਕੀਤਾ ਜਾਵੇ।
ਉਨਾਂ ਕਿਹਾ ਦੇਖਣ ‘ਚ ਆਇਆ ਹੈ ਕਿ ਪਿੰਡਾਂ ‘ਚ ਕੁੱਝ ਵਿਅਕਤੀ ਸੱਥ ‘ਤੇ ਬੈਠ ਕੇ ਤਾਸ਼ ਖੇਡਣ ਲਈ ਇਕੱਤਰ ਹੋ ਜਾਂਦੇ ਹਨ, ਅਜਿਹੀ ਸਥਿਤੀ ਅੰਦਰ ਇਕੱਠ ਬਿਲਕੁੱਲ ਨਾ ਕੀਤਾ ਜਾਵੇ। ਉਨਾਂ ਪਿੰਡਾਂ ਦੇ ਸਰਪੰਚਾਂ/ਨੰਬਰਦਾਰਾਂ ਨੂੰ ਅਜਿਹੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਕੀਤੀ, ਤਾਂ ਜੋ ਕੋਵਿਡ 19 ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਇਹ ਬਹੁਤ ਜਰੂਰੀ ਹੈ।