ਬਠਿੰਡਾ, ਇਥੇ ਲਾਈਨੋਂ ਪਾਰ ਇਲਾਕੇ ’ਚ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਲੱਕੜ ਦੇ ਕਾਰੀਗਰ ਨੇ ਆਪਣੀ ਧੀ ਨੂੰ ਮਾਰਨ ਮਗਰੋਂ ਖ਼ੁਦ ਫ਼ਾਹਾ ਲੈ ਲਿਆ। ਪਰਿਵਾਰ ਵਿੱਚ ਘਰ ਦੀ ਵੰਡ ਨੂੰ ਲੈ ਕੇ ਕਲੇਸ਼ ਚੱਲ ਰਿਹਾ ਸੀ। ਪੁਲੀਸ ਨੇ ਮੌਕੇ ਤੋਂ ਖੁ਼ਦਕੁਸ਼ੀ ਨੋਟ ਬਰਾਮਦ ਕਰਨ ਮਗਰੋਂ ਮ੍ਰਿਤਕ ਦੇ ਭਰਾ-ਭਰਜਾਈਆਂ ਸਣੇ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ,ਪਰ ਫ਼ਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਪਰਸ ਰਾਮ ਨਗਰ ਵਾਸੀ ਚਰਨਜੀਤ ਸਿੰਘ (47) ਤੇ ਉਸ ਦੀ ਧੀ ਸੋੋਨੀਆ(23) ਵਜੋਂ ਹੋਈ ਹੈ।
ਚਰਨਜੀਤ ਸਿੰਘ ਦੇ ਦੋ ਭਰਾ ਉਸ ਤੋਂ ਵੱਖ ਕਿਸੇ ਦੂਜੇ ਘਰ ਵਿੱਚ ਰਹਿ ਰਹੇ ਸਨ, ਜਦੋਂ ਕਿ ਤੀਸਰਾ ਭਰਾ ਉਸ ਦੇ ਨਾਲ ਹੀ ਰਹਿੰਦਾ ਸੀ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ। ਉਸ ਨੇ ਪਹਿਲਾਂ ਆਪਣੀ ਮੰਦਬੁੱਧੀ ਧੀ ਸੋਨੀਆ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਅਤੇ ਮਗਰੋਂ ਖ਼ੁਦ ਪੱਖੇ ਨਾਲ ਫ਼ਾਹਾ ਲੈ ਲਿਆ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਦਾ ਇਹ ਜੱਦੀ ਪੁਸ਼ਤੀ ਘਰ ਸੀ, ਜੋ 1985 ਵਿੱਚ ਖਰੀਦ ਕੀਤਾ ਗਿਆ ਸੀ। ਮ੍ਰਿਤਕ ਦੀ ਜੇਬ ’ਚੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਧੀ ਸਮੇਤ ਖੁ਼ਦ ਨੂੰ ਖ਼ਤਮ ਕਰ ਰਿਹਾ ਹੈ। ਉਸ ਨੇ ਅੱਗੇ ਲਿਖਿਆ ਹੈ ਕਿ ਉਹ ਜਿਸ ਘਰ ਵਿੱਚ ਰਹਿ ਰਿਹਾ ਹੈ, ਉਸ ਵਿੱਚੋਂ ਉਸ ਦੇ ਭਰਾ ਤੇ ਭਰਜਾਈਆਂ ਹਿੱਸਾ ਮੰਗ ਰਹੇ ਹਨ ਜਦੋਂ ਕਿ ਉਹ ਬਣਦਾ ਹਿੱਸਾ ਪਹਿਲਾਂ ਹੀ ਦੇ ਚੁੱਕਾ ਹੈ। ਘਰ ਵਿੱਚ ਪਏ ਇਸ ਕਲੇਸ਼ ਤੋਂ ਤੰਗ ਆ ਕੇ ਇਹ ਸਿਰੇ ਦਾ ਕਦਮ ਚੁੱਕ ਰਿਹਾ ਹੈ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ।