ਦੀਨਾਨਗਰ, 27 ਅਪਰੈਲ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਮੋਦੀ ਸਰਕਾਰ ’ਤੇ ਅੰਗਰੇਜ਼ਾਂ ਦੀਆਂ ਨੀਤੀਆਂ ਤਹਿਤ ਕੰਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ਵਾਂਗ ਭਾਜਪਾ ਵੀ ਦੇਸ਼ ਵਿੱਚ ਨਫ਼ਰਤ ਬੀਜ ਰਹੀ ਹੈ, ਜੋ ਦੇਸ਼ ਦੀ ਏਕਤਾ ਲਈ ਵੱਡਾ ਖ਼ਤਰਾ ਹੈ। ਸ੍ਰ੍ਰੀ ਜਾਖੜ ਅੱਜ ਦੀਨਾਨਗਰ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਕੈਬਨਿਟ ਰੈਂਕ ਮਿਲਣ ਦੀ ਖੁਸ਼ੀ ਵਿੱਚ ਰੱਖੇ ਧੰਨਵਾਦ ਪ੍ਰੋਗਰਾਮ ਵਿੱਚ ਪੁੱਜੇ ਹੋਏ ਸਨ।
ਇੱਕ ਪੈਲੇਸ ਵਿੱਚ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਗ਼ਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੈ, ਜਦੋਂਕਿ ਭਾਜਪਾ ਨੇ ਹਮੇਸ਼ਾਂ ਇਨ੍ਹਾਂ ਵਰਗਾਂ ਦਾ ਖ਼ੂਨ ਨਿਚੋੜਿਆ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ‘ਮੋਦੀ ਮੈਜਿਕ’ ਨਹੀਂ ਚੱਲੇਗਾ, ਕਿਉਂਕਿ 15-15 ਲੱਖ ਦਾ ਝਾਂਸਾ ਹੁਣ ਖਤਮ ਹੋ ਚੁੱਕਾ ਹੈ ਤੇ ਲੋਕ ਸਮਝ ਚੁੱਕੇ ਹਨ ਕਿ ਕਾਲਾ ਧਨ ਵਿਦੇਸ਼ਾਂ ’ਚੋਂ ਲਿਆਉਣ ਦਾ ਦਾਅਵਾ ਸਿਰਫ਼ ਚੋਣ ਸਟੰਟ ਹੀ ਸੀ। ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ਬਟਾਲਾ ਸ਼ੂਗਰ ਮਿੱਲ ਛੇਤੀ ਹੀ ਨਵੇਂ ਸਿਰਿਓਂ ਤਿਆਰ ਕਰਵਾ ਕੇ ਇਸ ਦੀ ਸਮਰੱਥਾ ਵਧਾਈ ਜਾ ਰਹੀ ਹੈ, ਜਦੋਂਕਿ ਪਨਿਆੜ ਮਿੱਲ ਦੀ ਹਾਲਤ ਵੀ ਸੁਧਾਰੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ ਮੈਡੀਕਲ ਕਾਲਜ ਅਤੇ ਦੀਨਾਨਗਰ ਵਿੱਚ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਤਰੱਕੀ ਮਿਲਣ ’ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਸਿੱਖਿਆ ਵਿਭਾਗ ਵਿੱਚ ਸੁਧਾਰ ਕੀਤਾ, ਉਸੇ ਤਰ੍ਹਾਂ ਟਰਾਂਸਪੋਰਟ ਮਹਿਕਮੇ ਵਿੱਚ ਜ਼ਰੂਰੀ ਸੁਧਾਰ ਕੀਤੇ ਜਾਣਗੇ ਤੇ ਲੋੜ ਅਨੁਸਾਰ ਨਵੀਂ ਨੀਤੀ ਵੀ ਲਿਆਂਦੀ ਜਾਵੇਗੀ। ਮੰਤਰੀ ਦੇ ਪਤੀ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਦੀਨਾਨਗਰ ਨੂੰ ਸਬ ਡਿਵੀਜ਼ਨ ਬਣਾਉਣ ਅਤੇ ਬਹਿਰਾਮਪੁਰ ਵਾਲੇ ਰੇਲਵੇ ਫਾਟਕ ’ਤੇ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਅਰੁਣਾ ਚੌਧਰੀ, ਅਸ਼ੋਕ ਚੌਧਰੀ ਤੇ ਯੂਥ ਆਗੂ ਅਭਿਨਵ ਚੌਧਰੀ ਨੇ ਸੁਨੀਲ ਜਾਖੜ ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਲਾਲ ਬਨੌਤਰਾ, ਮੀਡੀਆ ਇੰਚਾਰਜ ਦੀਪਕ ਭੱਲਾ, ਰਮੇਸ਼ ਕੁਮਾਰ ਮੇਸ਼ਾ, ਵਿਜੇ ਚਾਂਡਲ, ਚੇਅਰਮੈਨ ਜਿੰਮੀ ਬਰਾੜ, ਮਨਜੀਤ ਸਿੰਘ ਮੰਜ, ਦਰਸ਼ਨ ਸਿੰਘ ਡਾਲਾ, ਵਿਜੇ ਸ਼ਰਮਾ ਤੇ ਵਰਿੰਦਰ ਨੌਸ਼ਹਿਰਾ ਆਦਿ ਹਾਜ਼ਰ ਸਨ।