ਪਟਿਆਲਾ, ਪਾਵਰਕੌਮ ਨੇ ਵਾਧੂ ਬਿਜਲੀ ਵੇਚਣ ਦੇ ਲਿਹਾਜ਼ ਤੋਂ ਰਿਕਾਰਡ ਕਾਇਮ ਕਰਨ ਅਤੇ ਦੇਸ਼ ਭਰ ’ਚ ਮੋਹਰੀ ਰਹਿਣ ਦਾ ਦਾਅਵਾ ਕੀਤਾ ਹੈ। ਉਧਰ ਝੋਨੇ ਦੇ ਅੱਜ ਖਤਮ ਹੋਏ ਸੀਜ਼ਨ ਨੂੰ ਹਰ ਪੱਖੋਂ ਸਫ਼ਲ ਕਰਾਰ ਦਿੱਤਾ ਗਿਆ ਹੈ। ਇਸ ਰੁਝਾਨ ਨਾਲ ਆਮ ਖਪਤਕਾਰਾਂ ਨੂੰ ਵੀ ਬਿਜਲੀ ਸਸਤੀ ਹੋਣ ਦੀ ਉਮੀਦ ਜਾਗੀ ਹੈ| ਪਾਵਰਕੌਮ ਨੇ ਸਤੰਬਰ ਮਹੀਨੇ ’ਚ 426.38 ਕਰੋੜ ਰੁਪਏ ਦੀ ਬਿਜਲੀ ਬਾਹਰੀ ਰਾਜਾਂ ਨੂੰ ਵੇਚੀ ਹੈ, ਜੋ ਆਪਣੇ ਆਪ ’ਚ ਰਿਕਾਰਡ ਹੈ। ‘ਇੰਡੀਅਨ ਐਨਰਜੀ ਐਕਸਚੇਂਜ’ ਦੇ ਸਰਵੇਖਣ ’ਚ ਵਿਕਰੀ ਦਾ ਇਹ ਅੰਕੜਾ ਦੇਸ਼ ਭਰ ’ਚੋਂ ਸਭ ਤੋਂ ਅੱਗੇ ਹੈ| ਸਤੰਬਰ ’ਚ 744.5 ਮਿਲੀਅਨ ਯੂਨਿਟ ਬਿਜਲੀ 5.73 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਗਈ। ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ 70.44 ਕਰੋੜ ਰੁਪਏ ਦੀ ਬਿਜਲੀ 4.19 ਰੁਪਏ ਪ੍ਰਤੀ ਯੂਨਿਟ ਦੇ ਭਾਅ ਨਾਲ ਵੇਚੀ ਗਈ ਸੀ| ਉਦੋਂ 168.3 ਮਿਲੀਅਨ ਯੂਨਿਟ ਹੀ ਬਿਜਲੀ ਵਿਕੀ ਸੀ। ਪਾਵਰਕੌਮ ਨੇ ਐਤਕੀਂ ਅਪਰੈਲ ਤੋਂ ਸਤੰਬਰ ਤੱਕ 1073 ਮਿਲੀਅਨ ਯੂਨਿਟ ਬਿਜਲੀ ਵੇਚੀ ਹੈ, ਜਿਸ ਨਾਲ 569.24 ਕਰੋੜ ਰੁਪਏ ਮਿਲੇ ਹਨ। ਇਹ ਬਿਜਲੀ ਔਸਤਨ 5.31 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਗਈ। ਪਾਵਰਕੌਮ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਚੰਗੇ ਪ੍ਰਬੰਧਾਂ ਕਾਰਨ ਬਿਜਲੀ ਵੇਚਣ ਪੱਖੋਂ ਮੋਹਰੀ ਰਹਿਣ ਦਾ ਸਬੱਬ ਬਣਿਆ ਹੈ| ਉਨ੍ਹਾਂ ਦੱਸਿਆ ਕਿ ਭਾਵੇਂ ਬਠਿੰਡਾ ਥਰਮਲ ਪੂਰੇ ਤੌਰ ’ਤੇ ਬੰਦ ਰਿਹਾ ਅਤੇ ਰੋਪੜ ਥਰਮਲ ਦੀਆਂ ਵੀ ਦੋ ਯੂਨਿਟਾਂ ਐਤਕੀਂ ਬੰਦ ਰਹੀਆਂ, ਪੈਦਾਵਾਰ ਪੱਖੋਂ ਹੋਰ ਵੀ ਕਈ ਦਿੱਕਤਾਂ ਰਹੀਆਂ ਪਰ ਇਸ ਦੇ ਬਾਵਜੂਦ ਬਿਜਲੀ ਦੀ ਵੰਡ ਸਪਲਾਈ ਦਾ ਸੰਤੁਲਨ ਕਾਇਮ ਰਿਹਾ| ਉਨ੍ਹਾਂ ਦੱਸਿਆ ਕਿ ਪੈਡੀ ਸੀਜ਼ਨ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ ਪਰ ਪਹਿਲੀ ਅਕਤੂਬਰ ਤੋਂ ਵੀ ਖੇਤੀਬਾੜੀ ਸਪਲਾਈ ਲੋੜ ਮੁਤਾਬਕ ਜਾਰੀ ਰੱਖੀ ਜਾਵੇਗੀ| ਉਨ੍ਹਾਂ ਆਖਿਆ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਯੋਗ ਅਗਵਾਈ ਹੇਠ ਪਾਵਰਕੌਮ ਤਰੱਕੀਆਂ ਨੂੰ ਛੂਹ ਰਿਹਾ ਹੈ| ਵਾਧੂ ਬਿਜਲੀ ਵੇਚਣ ਦੇ ਤੁਰੇ ਰੁਝਾਨ ਤੋਂ ਆਮ ਖਪਤਕਾਰਾਂ ਨੂੰ ਉਮੀਦ ਬੱਝੀ ਹੈ ਕਿ ਸੂਬੇ ’ਚ ਬਿਜਲੀ ਸਸਤੀ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ’ਚ ਗੁਆਂਢੀ ਸੂਬਿਆਂ ਨਾਲੋਂ ਪੰਜਾਬ ’ਚ ਬਿਜਲੀ ਦੀਆਂ ਦਰਾਂ ਮਹਿੰਗੀਆਂ ਹਨ|