ਪਟਿਆਲਾ,ਕੋਲੇ ਦੀ ਘਾਟ ਨਾਲ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸੰਕਟ ਪੈਦਾ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕੇਂਦਰ ਤੱਕ ਪਹੁੰਚ ਕੀਤੀ ਹੈ| ਪਾਵਰਕੌਮ ਨੇ ਕੋਲਾ ਮੰਤਰਾਲੇ, ਕੋਲ ਇੰਡੀਆ ਲਿਮਟਿਡ ਅਤੇ ਰੇਲ ਮੰਤਰਾਲੇ ਤੋਂ ਪੰਜਾਬ ਲਈ ਕੋਲੇ ਦੀ ਰੈਗੂਲਰ ਅਤੇ ਵੱਧ ਸਪਲਾਈ ਕੀਤੇ ਜਾਣ ਦਾ ਮਾਮਲਾ ਉਠਾਇਆ ਹੈ| ਹਾਲਾਂਕਿ ਇਸ ਮਾਮਲੇ ’ਤੇ 25 ਜੂਨ ਤੋਂ ਪਹਿਲਾਂ ਸੁਣਵਾਈ ਹੋਣ ਦੀ ਕੋਈ ਸੰਭਾਵਨਾ ਨਹੀ ਹੈ।
ਲਿਹਾਜ਼ਾ ਸੂਬੇ ਨੂੰ 20 ਜੂਨ ਤੋਂ ਆਰੰਭ ਹੋਣ ਵਾਲੇ ਝੋਨੇ ਦੇ ਸੀਜ਼ਨ ਦੇ ਸ਼ੁਰੂ ਵਿੱਚ ਵੀ ਕੋਲੇ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਵੇਰਵਿਆਂ ਮੁਤਾਬਕ ਪਾਵਰਕੌਮ ਡਾਇਰੈਕਟਰ (ਜਨਰੇਸ਼ਨ) ਇੰਜਨੀਅਰ ਐੱਸ.ਕੇ. ਪੁਰੀ ਵੱਲੋਂ ਕੋਲ ਮੰਤਰਾਲੇ ਦੇ ਜੁਆਇੰਟ ਸਕੱਤਰ, ਰੇਲਵੇ ਦੇ ਸਹਾਇਕ ਜਨਰਲ ਮੈਨੇਜਰ ਟਰੈਫ਼ਿਕ ਤੇ ਕੋਲ ਇੰਡੀਆ ਲਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਕੋਲੇ ਦੀ ਸਮੱਸਿਆ ਸਬੰਧੀ ਕੱਲ੍ਹ ਦਿੱਲੀ ਵਿੱਚ ਇਕ ਮੀਟਿੰਗ ਕੀਤੀ ਗਈ ਸੀ| ਪਾਵਰਕੌਮ ਅਧਿਕਾਰੀਆਂ ਨੇ ਰਾਜਪੁਰਾ ਥਰਮਲ ਪਲਾਂਟ ਲਈ 2 ਲੱਖ ਟਨ ਤੇ ਤਲਵੰਡੀ ਸਾਬੋ ਪਲਾਂਟ ਲਈ 3 ਲੱਖ ਟਨ ਕੋਲਾ ਵਾਧੂ ਤੇ ਨਿਯਮਿਤ ਆਧਾਰ ’ਤੇ ਸਪਲਾਈ ਕੀਤੇ ਜਾਣ ਦੀ ਮੰਗ ਕੀਤੀ ਹੈ| ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਾਸਤੇ ਇੱਕ ਲੱਖ ਟਨ ਕੋਲਾ ਵਾਧੂ ਸਪਲਾਈ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ| ਪਾਵਰਕੌਮ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਤੇ ਇੰਜਨੀਅਰ ਪੁਰੀ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਵੱਲੋਂ ਪਾਵਰਕੌਮ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਕੋਲੇ ਦੀ ਸਪਲਾਈ ਨਿਯਮਿਤ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਇਸ ਬਾਬਤ ਅੰਤਿਮ ਫ਼ੈਸਲਾ 25 ਜੂਨ ਨੂੰ ਕੋਲਕਾਤਾ ਵਿਚ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਣਾ ਹੈ|
ਸੀਐਮਡੀ ਵੱਲੋਂ ਕੋਲਾ ਮੰਤਰਾਲੇ ਨੂੰ ਪੱਤਰ
ਦਿੱਲੀ ਵਿੱਚ ਪੰਜਾਬ ਨੇ ਆਪਣਾ ਕੇਸ ਰੱਖਣ ਮੌਕੇ ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦਾ ਹਵਾਲਾ ਦਿੱਤਾ ਸੀ ਤੇ ਦੱਸਿਆ ਸੀ ਕਿ ਪਾਵਰਕੌਮ ਦੇ ਆਪਣੇ ਪਲਾਂਟ ਇਸ ਦੌਰਾਨ ਪੂਰੀ ਸਮਰੱਥਾ ’ਤੇ ਚਲਾਏ ਜਾਣਗੇ। ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਤਲਵੰਡੀ ਸਾਬੋ ਪਲਾਂਟ ਦੇ ਅਧਿਕਾਰੀਆਂ ਨੂੰ ਪਲਾਂਟ ਪੂਰੀ ਸਮਰੱਥਾ ’ਤੇ ਚਲਾਉਣ ਲਈ ਆਖਿਆ ਗਿਆ ਹੈ। ਪਾਵਰਕੌਮ ਨੇ ਕੋਲਾ ਮੰਤਰਾਲੇ ਨੂੰ ਵੱਖਰੇ ਤੌਰ ’ਤੇ ਵੀ ਪੱਤਰ ਲਿਖਿਆ ਹੈ। ਸੀਐਮਡੀ ਸਰਾਂ ਨੇ ਪੱਤਰ ਵਿੱਚ ਹਵਾਲਾ ਦਿੱਤਾ ਹੈ ਕਿ ਕਿਉਂ ਜੋ 1400 ਮੈਗਾਵਾਟ ਦਾ ਰਾਜਪੁਰਾ ਤੇ 1920 ਮੈਗਾਵਾਟ ਦਾ ਤਲਵੰਡੀ ਸਾਬੋ ਪਲਾਂਟ ਆਪਣੀ ਪੈਦਾਵਾਰ ਕੀਤੀ ਸਾਰੀ ਬਿਜਲੀ ਪੰਜਾਬ ਨੂੰ ਵੇਚਦਾ ਹੈ, ਇਸ ਲਈ ਇਨ੍ਹਾਂ ਪਲਾਂਟਾ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਪਾਵਰਕੌਮ ਮੁਸ਼ਕਲ ਵਿੱਚ ਆ ਸਕਦਾ ਹੈ। ਇਸ ਤੋਂ ਇਲਾਵਾ ਬੰਦ ਕੀਤੇ ਗਏ ਬਠਿੰਡਾ ਦੇ ਚਾਰ ਯੂਨਿਟਾਂ ਤੇ ਰੋਪੜ ਦੇ ਦੋ ਯੂਨਿਟਾਂ ਦੇ ਹਿੱਸੇ ਦਾ ਕੋਲਾ ਦੇਣ ਦੀ ਵੀ ਮੰਗ ਕੀਤੀ ਗਈ ਹੈ।