ਪਟਿਆਲਾ, ਪਾਵਰਕੌਮ ਨੂੰ ਆਪਣੇ ਥਰਮਲਾਂ ਦੀਆਂ ਬੰਦ ਯੂਨਿਟਾਂ ਚਲਾਉਣ ਦੀ ਲੋੜ ਪੈ ਗਈ ਹੈ| ਬਿਜਲੀ ਦੀ ਪੂਰਤੀ ਲਈ ਪਾਵਰਕੌਮ ਨੂੰ ਕੱਲ੍ਹ ਰੋਪੜ ਥਰਮਲ ਦੀਆਂ ਦੋ ਯੂਨਿਟਾਂ ਭਖ਼ਾਉਣੀਆਂ ਪਈਆਂ। ਭਖ਼ਾਈ ਯੂਨਿਟ ਵਿੱਚ ਪੰਜਾਬ ਸਰਕਾਰ ਦੇ ਐਲਾਨ ਮੁਤਾਬਿਕ ਪਹਿਲੀ ਜਨਵਰੀ ਤੋਂ ਬੰਦ ਹੋਣ ਵਾਲੀ ਦੋ ਨੰਬਰ ਯੂਨਿਟ ਵੀ ਸ਼ਾਮਲ ਹੈ।
ਵੇਰਵਿਆਂ ਮੁਤਾਬਿਕ ਰੋਪੜ ਥਰਮਲ ਪਲਾਂਟ ਦੀ ਦੋ ਨੰਬਰ ਯੂਨਿਟ ਤੋਂ ਇਸ ਵੇਲੇ 200 ਮੈਗਾਵਾਟ ਲੋਡ ’ਤੇ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ ਤੇ ਕੱਲ੍ਹ ਨਾਲੋਂ ਅੱਜ ਕਰੀਬ ਦੁੱਗਣਾ ਉਤਪਾਦਨ ਹੋਇਆ ਹੈ| ਇਸੇ ਤਰ੍ਹਾਂ 6 ਨੰਬਰ ਯੂਨਿਟ ਵੀ ਭਖ਼ਾਈ ਜਾ ਰਹੀ ਹੈ ਤੇ ਇਸ ਯੂਨਿਟ ਤੋਂ ਵੀ ਅਗਲੇ ਦਿਨਾਂ ਵਿੱਚ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ| ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਦੀ ਵੀ ਇੱਕ ਯੂਨਿਟ ਮੁੜ ਭਖ਼ਾਉਣ ਦੀ ਤਿਆਰੀ ਕਰ ਲਈ ਗਈ ਹੈ।
ਦੱਸਣਯੋਗ ਹੈ ਕਿ ਕਈ ਹਫ਼ਤਿਆਂ ਤੋਂ ਪਾਵਰਕੌਮ ਨੇ ਆਪਣੇ ਤਿੰਨੋਂ ਥਰਮਲਾਂ ਦੀਆਂ ਸਾਰੀਆਂ 14 ਯੂਨਿਟਾਂ ਨੂੰ ਬੰਦ ਕੀਤਾ ਹੋਇਆ ਸੀ ਤੇ ਪੰਜਾਬ ਵਿਚਲੇ ਤਿੰਨੋਂ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਦੀ ਖ਼ਰੀਦ ਕੀਤੀ ਜਾ ਰਹੀ ਸੀ, ਪਰ ਕੱਲ੍ਹ ਪ੍ਰਾਈਵੇਟ ਖੇਤਰ ਦੇ ਦੋ ਥਰਮਲਾਂ ਵਿੱਚ ਅਚਨਚੇਤ ਤਕਨੀਕੀ ਨੁਕਸ ਪੈ ਜਾਣ ਕਾਰਨ ਦੋ ਉਤਪਾਦਨ ਯੂਨਿਟਾਂ ਬੰਦ ਹੋਣ ਮਗਰੋਂ ਸੂਬੇ ਵਿੱਚ ਬਿਜਲੀ ਦੀ ਵੱਡੀ ਕਿੱਲਤ ਬਣ ਗਈ ਸੀ| ਅਜਿਹੇ ਵਿੱਚ ਪਾਵਰਕੌਮ ਨੂੰ ਬੰਦ ਯੂਨਿਟਾਂ ਚਲਾਉਣੀਆਂ ਪਈਆਂ। ਇਸੇ ਤਹਿਤ ਰੋਪੜ ਸੁਪਰ ਥਰਮਲ ਪਲਾਂਟ ਦੀਆਂ ਦੋ ਯੂਨਿਟਾਂ ਦੋ ਨੰਬਰ ਤੇ ਛੇ ਨੰਬਰ ਨੂੰ ਭਖ਼ਾ ਦਿੱਤਾ ਗਿਆ। ਇਸ ਤੋਂ ਇਲਾਵਾ ਪਾਵਰਕੌਮ ਨੇ ਆਪਣੇ ਹਾਈਡਲ ਪ੍ਰਾਜੈਕਟ ਰਣਜੀਤ ਸਾਗਰ ਡੈਮ ਦੀ ਵੀ ਇੱਕ ਬੰਦ ਯੂਨਿਟ ਨੂੰ ਚਲਾ ਦਿੱਤਾ ਹੈ| ਇਸੇ ਦੌਰਾਨ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜਨੀਅਰ ਸੰਜੀਵ ਸੂਦ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਗ਼ੈਰ-ਵਾਜਬ ਨੀਤੀਆਂ ਹੇਠ ਬਠਿੰਡਾ ਤੇ ਰੋਪੜ ਦੀਆਂ ਯੂਨਿਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ, ਜਦੋਂਕਿ ਇਨ੍ਹਾਂ ਦੀ ਮਿਆਦ ਖ਼ਤਮ ਨਹੀਂ ਹੋਈ ਹੈ।