ਪਟਿਆਲਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਦੇ ਬਰਨਾਲਾ ਸਰਕਲ ਵਿੱਚ ‘ਗ਼ੈਰਕਾਨੂੰਨੀ ਢੰਗ ਨਾਲ ਟਿਊਬਵੈੱਲ ਕੁਨੈਕਸ਼ਨ ਦੇਣ’ ਦੇ ਦੋਸ਼ ਹੇਠ ਕਰੀਬ ਦੋ ਸਾਲ ਪਹਿਲਾਂ ਮੁਅੱਤਲ ਕੀਤੇ ਗਏ 15 ਅਧਿਕਾਰੀਆਂ ਨੂੰ ਪਾਵਰਕੌਮ ਦੇ ਕੁੱਲ ਵਕਤੀ ਡਾਇਰੈਕਟਰਾਂ ਨੇ ਸਖ਼ਤ ਸਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।  ਇਨ੍ਹਾਂ ਅਧਿਕਾਰੀਆਂ ਵਿੱਚ ਡਿਪਟੀ ਚੀਫ਼ ਇੰਜਨੀਅਰ ਤੋਂ ਲਾਈਨਮੈਨ ਤੱਕ ਸ਼ਾਮਲ ਹਨ। ਜਾਣਕਾਰੀ ਮੁਤਾਬਕ ਸੁਪਰਡੈਂਟ ਇੰਜਨੀਅਰ (ਐਸਈ) ਪੱਧਰ ਦੇ ਅਧਿਕਾਰੀ ਦੀ ਇਕ ਇੰਕਰੀਮੈਂਟ ਰੋਕੀ ਗਈ ਹੈ। ਅਸਿਸਟੈਂਟ ਐਸਈ ਦੀਆਂ ਤਿੰਨ ਤੇ ਤਿੰਨ ਐਡੀਸ਼ਨਲ ਅਸਿਸਟੈਂਟ ਇੰਜਨੀਅਰਾਂ ਤੇ ਇਕ ਡਿਵੀਜ਼ਨਲ ਅਕਾਊਂਟੈਂਟ ਦੀਆਂ ਚਾਰ-ਚਾਰ ਇੰਕਰੀਮੈਂਟਾਂ ਰੋਕੀਆਂ ਗਈਆਂ ਹਨ।
ਹੁਕਮਾਂ ਦੀ ‘ਟ੍ਰਿਬਿਊਨ’ ਨੂੰ ਮਿਲੀ ਨਕਲ ਮੁਤਾਬਕ ਕਮੇਟੀ ਨੇ ਬਰਨਾਲਾ ਵੰਡ ਸਰਕਲ ਦੇ ਡਿਪਟੀ ਚੀਫ਼ ਇੰਜਨੀਅਰ ਐਚ.ਡੀ. ਗੋਇਲ ਨੂੰ ਇਨ੍ਹਾਂ ਕੁਨੈਕਸ਼ਨਾਂ ਦੀ ਮਨਜ਼ੂਰੀ ਦੇਣ ਦਾ ਦੋਸ਼ੀ ਪਾਉਂਦਿਆਂ ਇਕ ਇੰਕਰੀਮੈਂਟ ਰੋਕੀ ਹੈ। ਤਤਕਾਲੀ ਐਡੀਸ਼ਨਲ ਐਸਈ ਸਬ-ਅਰਬਨ ਡਿਵੀਜ਼ਨ ਬਰਨਾਲਾ ਵੀ.ਪੀ. ਗੋਇਲ, ਜੋ ਸੇਵਾ-ਮੁਕਤ ਹੋ ਚੁੱਕੇ ਹਨ, ਦੀ ਪੈਨਸ਼ਨ ਵਿੱਚ ਤਿੰਨ ਸਾਲਾਂ ਲਈ 10 ਫ਼ੀਸਦੀ ਕਟੌਤੀ ਹੋਵੇਗੀ। ਐਡੀਸ਼ਨਲ ਐਸਈ ਅਸ਼ੋਕ ਕੁਮਾਰ ਸਿੰਗਲਾ ਦੀਆਂ, ਭਵਿੱਖੀ ਅਸਰ ਤੋਂ ਬਿਨਾਂ, ਤਿੰਨ ਸਾਲਾਨਾ ਇੰਕਰੀਮੈਂਟਾਂ ਰੋਕੀਆਂ ਹਨ। ਏਈਈ ਅਸ਼ਵਨੀ ਕੁਮਾਰ ਦੀ ਪੈਨਸ਼ਨ ਵਿੱਚ ਹਮੇਸ਼ਾ ਲਈ 10 ਫ਼ੀਸਦੀ ਕਟੌਤੀ ਕੀਤੀ ਗਈ ਹੈ। ਇਕ ਹੋਰ ਏਈਈ ਨਰੇਸ਼ ਕੁਮਾਰ ਬਾਂਸਲ ਦੀ ਇਕ ਸਾਲਾਨਾ ਇੰਕਰੀਮੈਂਟ ਰੋਕੀ ਗਈ ਹੈ। ਏਏਈਜ਼ ਮਨਜੀਤ ਕੁਮਾਰ ਤੇ ਸੁਸ਼ੀਲ ਕੁਮਾਰ ਅਤੇ ਡਿਵੀਜ਼ਨਲ ਅਕਾਊਂਟੈਂਟ ਰਾਜਿੰਦਰ ਕੁਮਾਰ ਦੀਆਂ ਚਾਰ-ਚਾਰ ਇੰਕਰੀਮੈਂਟਾਂ ਭਵਿੱਖੀ ਅਸਰ ਸਹਿਤ ਰੋਕੀਆਂ ਹਨ। ਜੇਈ ਬਲਵੀਰ ਸਿੰਘ ਤੇ ਨਿਰਮਲ ਸਿੰਘ ਦੀਆਂ ਦੋ-ਦੋ, ਲਾਈਨਮੈਨ ਗੁਰਮੀਤ ਸਿੰਘ ਦੀਆਂ ਚਾਰ, ਜਰਨੈਲ ਸਿੰਘ ਦੀਆਂ ਤਿੰਨ ਤੇ ਸੁਖਵਿੰਦਰ ਸਿੰਘ ਦੀਆਂ ਦੋ ਇੰਕਰੀਮੈਂਟਾਂ ਰੋਕੀਆਂ ਹਨ। ਲਾਈਨਮੈਨ ਸੂਬਾ ਸਿੰਘ ਦੀ ਪੈਨਸ਼ਨ ’ਚ ਹਮੇਸ਼ਾ ਲਈ 20 ਫ਼ੀਸਦੀ ਕਟੌਤੀ ਹੋਵੇਗੀ। ਇਨ੍ਹਾਂ ਅਧਿਕਾਰੀਆਂ ਨੇ 2014-15 ਦੌਰਾਨ ਮੁਕੰਮਲ ਪਾਬੰਦੀ ਦੌਰਾਨ ਇਹ ਕੁਨੈਕਸ਼ਨ ਜਾਰੀ ਕੀਤੇ ਸਨ।