ਜਗਰਾਉਂ, ਜਾਤ-ਬਰਾਦਰੀ ਆਧਾਰਿਤ ਗੁਰਦੁਆਰਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਥੋਂ ਨੇੜਲੇ ਪਿੰਡ ਚਕਰ ਤੋਂ ‘ਇੱਕ ਨਗਰ ਇੱਕ ਗੁਰਦੁਆਰਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪਿੰਡ ਚਕਰ ਨੂੰ ਢਾਈ ਲੱਖ ਰੁਪਏ ਦਾ ਨਕਦ ਇਨਾਮ ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪਿੰਡ ਚਕਰ ਦੇ ਸਰਪੰਚ ਮੇਜਰ ਸਿੰਘ ਸਮੇਤ ਪਿੰਡ ਦੇ ਹਰੇਕ ਪਾਰਟੀ ਨਾਲ ਸਬੰਧਤ ਮੋਹਤਬਰਾਂ ਨੂੰ ਜ਼ਿਲ੍ਹੇ ਦੇ 15 ਹਜ਼ਾਰ ਆਬਾਦੀ ਵਾਲੇ ਵੱਡੇ ਪਿੰਡ ਵਿੱਚ ਇੱਕੋ ਗੁਰਦੁਆਰਾ ਰੱਖਣ ਲਈ ਸਿਰੋਪੇ ਬਖ਼ਸ਼ਿਸ਼ ਕੀਤੇ ਗਏ। ਗੁਰਮਤਿ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਹਰੇਕ ਧਿਰ ਨਾਲ ਸਬੰਧਤ ਆਗੂਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਭਾਈ ਲੌਂਗੋਵਾਲ ਨੇ ਇਕੱਠ ਨੂੰ ਸੰਬੋਧਨ ਕਰਨ ਮੌਕੇ ਵੀ ਇਸ ਦਾ ਜ਼ਿਕਰ ਕਰਦਿਆਂ ਆਖਿਆ ਕਿ ਪਾਰਟੀ ਕੋਈ ਵੀ ਰੱਖੋ, ਪਰ ਪਿੰਡ ਵਿੱਚ ਗੁਰਦੁਆਰਾ ਇੱਕੋ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਿਆਸੀ ਮੱਤਭੇਦ ਹੋ ਸਕਦੇ ਹਨ ਪਰ ਉਸ ਨੂੰ ਗੁਰੂਆਂ ਦੇ ਸਿਧਾਂਤ ’ਤੇ ਕਾਇਮ ਰਹਿਣਾ ਚਾਹੀਦਾ ਹੈ। ਧੜੇਬੰਦੀ, ਪ੍ਰਧਾਨਗੀ ਤੇ ਚੌਧਰ ਖ਼ਾਤਰ ਜਾਤ ਬਰਾਦਰੀ ਆਧਾਰਿਤ ਵੱਖਰੇ ਗੁਰਦੁਆਰੇ ਹੋਂਦ ਵਿੱਚ ਆਉਣੇ ਸਿੱਖੀ ਸਿਧਾਂਤ ਦੇ ਉਲਟ ਹੈ। ਇਸ ਦਿਸ਼ਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੇ ਲੋਕ ਇੱਕ ਗੁਰਦੁਆਰੇ ਲਈ ਸਹਿਮਤ ਹੁੰਦੇ ਹਨ ਤਾਂ ਸ਼੍ਰੋਮਣੀ ਕਮੇਟੀ ਦੂਸਰੇ ਗੁਰਦੁਆਰਿਆਂ ਵਿੱਚ ਗੁਰਮਤਿ ਵਿਦਿਆਲਾ, ਲਾਇਬ੍ਰੇਰੀ ਆਦਿ ਖੋਲ੍ਹ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੇਂ ਗੁਰਦੁਆਰੇ ਬਣਾਉਣ ’ਤੇ ਰੋਕ ਤਾਂ ਨਹੀਂ ਲਗਾਈ ਗਈ ਪਰ ਲੋਕਾਂ ਨੂੰ ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਵਿਦੇਸ਼ਾਂ  ਵਿੱਚ ਵੱਸਦੇ ਸਿੱਖਾਂ ਦੀ ਮੰਗ ’ਤੇ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਅੰਗਰੇਜ਼ੀ ਬੋਲਣ ਵਾਲੇ  ਪ੍ਰਚਾਰਕ ਭੇਜੇ ਜਾਣਗੇ। ਵਿਦੇਸ਼ਾਂ ਦੇ ਜੰਮੇ ਪਲੇ ਸਿੱਖ ਬੱਚਿਆਂ ਦੀ ਲੋੜ ਅਤੇ ਮਾਪਿਆਂ ਦੀ  ਮੰਗ ’ਤੇ ਇਹ ਫ਼ੈਸਲਾ ਹੋਇਆ ਹੈ। ਇਹ ਪ੍ਰਚਾਰਕ ਅੰਗਰੇਜ਼ੀ ਭਾਸ਼ਾ ਵਿੱਚ ਗੁਰਬਾਣੀ ਦਾ  ਪ੍ਰਚਾਰ ਕਰਨਗੇ।

ਭੱਠਲ ਸਮੇਤ ਸਾਰੇ ਆਗੂਆਂ ਨੂੰ ਪੇਸ਼ ਹੋਣਾ ਪਵੇਗਾ
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਦੇ ਮਾਮਲੇ ਵਿੱਚ ਅਕਾਲ ਤਖ਼ਤ ’ਤੇ ਪੇਸ਼ ਹੋਣ ਬਾਰੇ ਕੋਈ ਫ਼ੈਸਲਾ ਨਾ ਕੀਤਾ ਹੋਣ ਦੇ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੀਬੀ ਭੱਠਲ ਸਮੇਤ ਹਰੇਕ ਉਸ ਆਗੂ ਨੂੰ ਪੇਸ਼ ਹੋਣਾ ਪਵੇਗਾ, ਜਿਸ ਨੂੰ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਤਨਖ਼ਾਹ ਲਾਈ ਗਈ ਸੀ। ਧਰਮ ਨਿਰਪੱਖ ਪਾਰਟੀ ਦੀ ਆਗੂ ਆਖ ਕੇ ਕੋਈ ਬਚ ਨਹੀਂ ਸਕਦਾ ਅਤੇ ਪੇਸ਼ ਨਾ ਹੋਣ ਦਾ ਖ਼ਮਿਆਜ਼ਾ ਪੰਥਕ ਰਵਾਇਤਾਂ ਮੁਤਾਬਿਕ ਕਾਰਵਾਈ ਦੇ ਰੂਪ ਵਿੱਚ ਭੁਗਤਣਾ ਪਵੇਗਾ।