ਸ੍ਰੀ ਆਨੰਦਪੁਰ ਸਾਹਿਬ,
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸਿੱਖ ਪੰਥ ਦੀ ਅਗਵਾਈ ਕਰਨ ਵਾਲੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਮੁੱਚੀ ਸਿੱਖ ਕੌਮ ਵੱਲੋਂ ਜਮਹੂਰੀ ਢੰਗ ਨਾਲ ਵੋਟਾਂ ਪਾ ਕੇ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਮੁਤਵਾਜ਼ੀ ਜਥੇਦਾਰ ਹੋਣ ਜਾਂ ਕੋਈ ਹੋਰ, ਉਨ੍ਹਾਂ ਨੂੰ ਬਿਨਾਂ ਵਜ੍ਹਾ ਟਕਰਾਅ ਵਾਲਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਜਾਵੇਗਾ। ਹਰ ਜ਼ਿਲ੍ਹੇ ਅੰਦਰ ਪੇਂਡੂ ਤੇ ਸ਼ਹਿਰੀ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਨੂੰ ਬੰਦ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਵਿਧਾਨ ਅਨੁਸਾਰ ਚਾਰ ਵੱਡੇ ਜ਼ਿਲ੍ਹਿਆਂ ਅੰਦਰ ਤਾਂ ਹਮੇਸ਼ਾ ਹੀ ਪੇਂਡੂ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਥਾਪੇ ਜਾਂਦੇ ਰਹੇ ਹਨ ਪਰ ਪਿਛਲੀ ਵਾਰ ਅਸੀਂ ਹਰ ਜ਼ਿਲ੍ਹੇ ਅੰਦਰ ਹੀ ਇਹ ਸਿਸਟਮ ਅਪਣਾਇਆ ਸੀ।
ਉਨ੍ਹਾਂ ਕਿਹਾ ਿਕ ਇਸ ਵਾਰ ਅਸੀਂ ਦੋ-ਦੋ ਪ੍ਰਧਾਨਾਂ ਦੀ ਥਾਂ ’ਤੇ ਇਕ ਹੀ ਪ੍ਰਧਾਨ ਲਗਾਉਣ ਬਾਰੇ ਵਿਚਾਰ ਕਰ ਰਹੇ ਹਾਂ। ਸਰਕਾਰ ਦੀ ਸਨਅਤੀ ਨੀਤੀ ਬਾਰੇ ਪੁੱਛਣ ’ਤੇ ਡਾ. ਚੀਮਾ ਨੇ ਕਿਹਾ ਕਿ ਪੰਜਾਬ ਕੈਬਨਿਟ ਦੇ ਕਿਸੇ ਵੀ ਫ਼ੈਸਲੇ ਦਾ ਅਜੇ ਤਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਹੋ ਸਕਿਆ ਹੈ। ਸਾਬਕਾ ਮੰਤਰੀ ਨੇ ਕਿਹਾ ਿਕ ਕਰੀਬ 7 ਮਹੀਨੇ ਹੋ ਗਏ ਹਨ ਕਿ 5 ਰੁਪਏ ਯੂਨਿਟ ਬਿਜਲੀ ਮਿਲੇਗੀ ਪਰ ਅਜੇ ਤਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਹੋ ਸਕਿਆ ਹੈ।
ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਇਸ ਮੌਕੇ ਉਨ੍ਹਾਂ ਨਾਲ ਮਨਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਬਾਬਾ ਪ੍ਰੇਮ ਸਿੰਘ ਭੱਲੜੀ, ਬਾਬਾ ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ।