ਲੰਬੀ, ਦੀਵਾਲੀ ਮੌਕੇ ਚੌਟਾਲਿਆਂ ਅਤੇ ਬਾਦਲਾਂ ਦੀ ਦਹਾਕਿਆਂ ਪੁਰਾਣੀ ਗੂੜ੍ਹੀ ਸਾਂਝ ਤਰੋਤਾਜ਼ਾ ਹੋ ਗਈ। ਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਆਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਬੀਤੀ ਦੇਰ ਸ਼ਾਮ ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਨਾਲ ਲਗਪਗ 50 ਮਿੰਟ ਬਿਤਾਏ।
ਸ੍ਰੀ ਚੌਟਾਲਾ ਨਾਲ ਉਨ੍ਹਾਂ ਦਾ ਪੋਤਰਾ ਕਰਨ ਚੌਟਾਲਾ ਅਤੇ ਸੀਨੀਅਰ ਆਗੂ ਮਨਿੰਦਰ ਸਿੰਘ ਮੀਨੂੰ ਫੱਤਾਕੇਰਾ ਵੀ ਸਨ। ਸੂਤਰਾਂ ਅਨੁਸਾਰ ਸਿਆਸਤ ਦੇ ‘ਸ਼ਾਹ-ਅਸਵਾਰ’ ਦੋਵੇਂ ਸਾਬਕਾ ਮੁੱਖ ਮੰਤਰੀਆਂ ਨੇ ਚੌਧਰੀ ਦੇਵੀ ਨਾਲ ਜੁੜੀਆਂ ਯਾਦਾਂ ਅਤੇ ਹੋਰ ਪਰਿਵਾਰਕ ਸਾਂਝਾਂ ਚੇਤੇ ਕੀਤੀਆਂ।
ਜ਼ਿਕਰਯੋਗ ਹੈ ਕਿ ਕੱਲ੍ਹ ਦੀਵਾਲੀ ਦੇ ਦੂਜੇ ਦਿਨ ਡੱਬਵਾਲੀ ਹਲਕੇ ’ਚ ਤੇਜਾ ਖੇੜਾ ਫਾਰਮ ਹਾਊਸ ’ਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ, ਅਜੈ ਚੌਟਾਲਾ ਅਤੇ ਅਭੈ ਚੌਟਾਲਾ ਨੇ ਇਨੈਲੋ ਵਰਕਰਾਂ ਦੀਆਂ ਸ਼ੁਭ ਇੱਛਾਵਾਂ ਕਬੂਲੀਆਂ ਸਨ।