ਦੁਬਈ, ਇਮਾਮ-ਉਲ-ਹੱਕ ਦੇ ਸ਼ਾਨਦਾਰ ਨੀਮ ਸੈਂਕੜੇ (50 ਦੌੜਾਂ) ਦੀ ਬਦੌਲਤ ਪਾਕਿਸਤਾਨ ਨੇ ਏਸ਼ੀਆ ਕੱਪ ਇੱਕ ਰੋਜ਼ਾ ਟੂਰਨਾਮੈਂਟ ਦੇ ਗਰੁਪ ‘ਏ’ ਮੈਚ ਵਿੱਚ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾਇਆ। ਹਾਂਗਕਾਂਗ ਦੀ ਪੂਰੀ ਟੀਮ ਸਿਰਫ਼ 116 ਦੌੜਾਂ ’ਤੇ ਹੀ ਢੇਰ ਹੋ ਗਈ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਇਮਾਮ ਉਲ ਹੱਕ ਦੇ ਨੀਮ ਸੈਂਕੜੇ ਤੋਂ ਇਲਾਵਾ ਫਖ਼ਰ ਜ਼ਮਾਨ (24) ਅਤੇ ਬਾਬਰ ਆਜ਼ਮ (33) ਦੀਆਂ ਪਾਰੀਆਂ ਦੀ ਮਦਦ ਨਾਲ ਟੀਚਾ 23.4 ਓਵਰਾਂ ਵਿੱਚ 120 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਤੇਜ਼ ਗੇਂਦਬਾਜ਼ ਓਸਮਾਨ ਖ਼ਾਨ (19 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਸਭ ਤੋਂ ਵੱਧ ਵਿਕਟਾਂ ਲਈਆਂ, ਜਦਕਿ ਸ਼ਾਦਾਬ ਖ਼ਾਨ ਅਤੇ ਹਸਨ ਅਲੀ ਨੇ ਦੋ-ਦੋ ਵਿਕਟਾਂ ਲਈਆਂ। ਫਹੀਮ ਅਸ਼ਰਫ਼ ਨੂੰ ਇੱਕ ਵਿਕਟ ਮਿਲੀ। ਇਸ ਤਰ੍ਹਾਂ ਪਾਕਿਸਤਾਨ ਨੇ 2018 ਏਸ਼ੀਆ ਕੱਪ ਦਾ ਕੁਆਲੀਫਾਇਰ ਜਿੱਤ ਕੇ ਟੂਰਨਾਮੈਂਟ ਵਿੱਚ ਪਹੁੰਚੀ ਹਾਂਗਕਾਂਗ ਦੀ ਕਮਜੋਰੀ ਉਜਾਗਰ ਹੋਈ। ਹਾਂਗਕਾਂਗ ਲਈ ਕਿੰਚਿਤ ਸ਼ਾਹ (26) ਅਤੇ ਐਜ਼ਾਜ਼ ਖ਼ਾਨ (27) ਸਭ ਤੋਂ ਵੱਧ ਦੌੜਾਂ ਲੈਣ ਵਾਲੇ ਖਿਡਾਰੀ ਰਹੇ। ਕਪਤਾਨ ਅੰਸ਼ੂਮਨ ਰਥ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਬੱਲੇਬਾਜ਼ ਪਾਕਿਸਤਾਨ ਦੇ ਬਿਹਤਰੀਨ ਗੇਂਦਬਾਜ਼ੀ ਹਮਲਾਵਰ ਦਾ ਸਾਹਮਣਾ ਨਹੀਂ ਕਰ ਸਕਿਆ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਹਾਂਗਕਾਂਗ ਨੇ ਲਗਾਤਾਰ ਵਿਕਟਾਂ ਗੁਆਈਆਂ। ਇਸ ਦੀ ਸ਼ੁਰੂਆਤ ਨਿਜ਼ਾਕਤ ਖ਼ਾਨ (13) ਦੇ ਪੰਜਵੇਂ ਓਵਰ ਵਿੱਚ ਰਨ ਆਊਟ ਹੋਣ ਨਾਲ ਹੋਈ। ਕਪਤਾਨ ਅੰਸ਼ੂਮਨ ਨੂੰ ਫਹੀਮ ਅਸ਼ਰਫ਼ ਦੀ ਗੇਂਦ ’ਤੇ ਵਿਕਟਕੀਪਰ ਸਰਫ਼ਰਾਜ ਅਹਿਮਦ ਨੇ ਕੈਚ ਆਊਟ ਕੀਤਾ, ਜਿਸ ਨਾਲ ਨੌਵੇਂ ਓਵਰ ਤੱਕ ਹਾਂਗਕਾਂਗ ਨੇ 32 ਦੌੜਾਂ ’ਤੇ ਦੂਜੀ ਵਿਕਟ ਗੁਆਈ। ਹਸਨ ਅਲੀ ਨੇ ਫਿਰ ਕ੍ਰਿਸਟੋਫਰ ਕਾਰਟਰ (ਦੋ) ਨੂੰ ਛੇਤੀ ਆਊਟ ਕੀਤਾ।
ਇਸ ਤੋਂ ਬਾਅਦ ਸ਼ਾਦਾਬ ਖ਼ਾਨ ਨੇ ਫਿਰ ਇੱਕ ਓਵਰ ਵਿੱਚ ਬਾਬਰ ਹਿਆਤ (ਸੱਤ) ਅਤੇ ਅਹਿਸਾਨ ਖ਼ਾਨ (ਸਿਫ਼ਰ) ਨੂੰ ਆਊਟ ਕੀਤਾ, ਜਿਸ ਕਾਰਨ ਹਾਂਗਕਾਂਗ ਦੀ ਅੱਧੀ ਟੀਮ 16.3 ਓਵਰਾਂ ਵਿੱਚ ਹੀ ਚਲਦੀ ਬਣੀ। ਕਿੰਚਿਤ ਅਤੇ ਐਜ਼ਾਜ਼ ਨੇ ਫਿਰ ਛੇਵੀਂ ਵਿਕਟ ਲਈ 53 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਹਾਂਗਕਾਂਗ ਨੂੰ 100 ਦੌੜਾਂ ਤੱਕ ਪਹੁੰਚਾਇਆ।