ਵਾਸ਼ਿੰਗਟਨ, 29 ਸਤੰਬਰ

ਅਮਰੀਕਾ ਦੀ ਇਕ ਕਾਂਗਰੈਸ਼ਨਲ ਰਿਪੋਰਟ ਮੁਤਾਬਕ ਪਾਕਿਸਤਾਨ ਕਰੀਬ 12 ਅਜਿਹੇ ਸੰਗਠਨਾਂ ਦਾ ਟਿਕਾਣਾ ਹੈ ਜਿਨ੍ਹਾਂ ਨੂੰ ਅਮਰੀਕਾ ਵੱਲੋਂ ‘ਵਿਦੇਸ਼ੀ ਅਤਿਵਾਦੀ ਸੰਗਠਨ’ ਐਲਾਨਿਆ ਗਿਆ ਹੈ। ਇਨ੍ਹਾਂ ਵਿਚ ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ ਜਿਹੇ ਸੰਗਠਨ ਸ਼ਾਮਲ ਹਨ। ਆਜ਼ਾਦਾਨਾ ਕਾਂਗਰੈਸ਼ਨਲ ਖੋਜ ਸੇਵਾ (ਸੀਆਰਐੱਸ) ਦੀ ਰਿਪੋਰਟ ਵਿਚ ਅਮਰੀਕੀ ਅਧਿਕਾਰੀਆਂ ਨੇ ਪਾਕਿਸਤਾਨ ਦੀ ਸ਼ਨਾਖ਼ਤ ਅਤਿਵਾਦੀ ਗਤੀਵਿਧੀਆਂ ਦੇ ਅਧਾਰ ਵਜੋਂ, ਜਾਂ ਕਈ ਹਥਿਆਰਬੰਦ, ਗੈਰ ਸਰਕਾਰੀ ਤੱਤਾਂ ਨੂੰ ਸ਼ਹਿ ਦੇਣ ਵਾਲੇ ਮੁਲਕ ਵਜੋਂ ਕੀਤੀ ਹੈ। ਅਮਰੀਕੀ ਕਾਂਗਰਸ ਦੇ ਖੋਜ ਵਿੰਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਹ ਸੰਗਠਨ ਕੌਮਾਂਤਰੀ ਪੱਧਰ ’ਤੇ, ਅਫ਼ਗਾਨਿਸਤਾਨ, ਭਾਰਤ ਤੇ ਕਸ਼ਮੀਰ ’ਚ ਅਤਿਵਾਦੀ ਗਤੀਵਿਧੀਆਂ ਕਰ ਰਹੇ ਹਨ। ਸੀਆਰਐੱਸ ਨੇ ਕਿਹਾ ਕਿ ਪਾਕਿਸਤਾਨ ਕਈ ਖੇਤਰੀ ਅਤਿਵਾਦੀ ਜਥੇਬੰਦੀਆਂ ਲਈ ਸੁਰੱਖਿਅਤ ਟਿਕਾਣਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਗਰੁੱਪ ਉੱਥੇ ਹਨ ਜੋ ਵਿਸ਼ੇਸ਼ ਤੌਰ ’ਤੇ ਅਫ਼ਗਾਨਿਸਤਾਨ ਤੇ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੇ ਹਾਲਾਂਕਿ ਅਤਿਵਾਦ ਨੂੰ ਮਿਲਦੀ ਮਦਦ ਰੋਕਣ ਲਈ ਕਦਮ ਚੁੱਕੇ ਹਨ। ਪਰ ਨਾਲ ਹੀ ਕਿਹਾ ਕਿ ਇਸਲਾਮਾਬਾਦ ਨੇ ਅਜੇ ਤੱਕ ਭਾਰਤ ਤੇ ਅਫ਼ਗਾਨਿਸਤਾਨ ਨੂੰ ਨਿਸ਼ਾਨਾ ਬਣਾ ਰਹੇ ਅਤਿਵਾਦੀਆਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਨਹੀਂ ਕੀਤੀ।