ਨਵੀਂ ਦਿੱਲੀ, 27 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਾਲਾ ਸ਼ਹਿਰ ਵਿਚ ਇਕ ਹਿੰਦੂ ਲੜਕੀ ਨੂੰ ਵਿਆਹ ਦੇ ਮੰਡਪ ਵਿਚੋਂ ਚੁੱਕ ਲਿਆ ਗਿਆ, ਉਸਦਾ ਧਰਮ ਪਰਿਵਰਤਨ ਕੀਤਾ ਗਿਆ ਤੇ ਫਿਰ ਮੁਸਲਿਮ ਲੜਕੇ ਨਾਲ ਨਿਕਾਹ ਕਰਵਾ ਦਿੱਤਾ ਗਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਦੱਸਿਆ ਕਿ ਭਾਰਤੀ ਬਾਈ ਨਾਂ ਦੀ ਇਸ ਲੜਕੀ ਦਾ ਵਿਆਹ ਹੋ ਰਿਹਾ ਸੀ ਜਦੋਂ ਸ਼ਾਹ ਰੁੱਖ ਗੁਲ ਨਾਂ ਦਾ ਵਿਅਕਤੀ ਪੁਲਿਸ ਨੂੰ ਨਾਲ ਲੈ ਕੇ ਉਥੇ ਪੁੱਜਾ ਤੇ ਦਾਅਵਾ ਕੀਤਾ ਕਿ ਇਕ ਮਹੀਨੇ ਪਹਿਲਾਂ ਇਸ ਲੜਕੀ ਨੇ ਇਸਲਾਮ ਕਬੂਲ ਲਿਆ ਸੀ ਤੇ ਹੁਣ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਇਸਦਾ ਵਿਆਹ ਨਹੀਂ ਹੋ ਸਕਦਾ। ਇਥੋਂ ਪੁਲਿਸ ਉਸ ਲੜਕੀ ਨੂੰ ਗ੍ਰਿਫਤਾਰ ਕਰ ਕੇ ਲੈ ਗਈ ਤੇ ਬਾਅਦ ਵਿਚ ਇਸਦਾ ਨਿਕਾਹ ਸ਼ਾਹਰੁਖ ਗੁੱਲ ਨਾਲ ਕਰਵਾ ਦਿੱਤਾ ਗਿਆ।
ਸਿਰਸਾ ਨੇ ਦੱਸਿਆ ਕਿ ਲੜਕੀ ਨੂੰ ਅਗਵਾ ਕਰ ਕੇ ਲਿਜਾਣ, ਧਰਮ ਪਰਿਵਰਤਨ ਕਰਨ ਤੇ ਮੁਸਲਿਮ ਲੜਕੇ ਨਾਲ ਨਿਕਾਹ ਕਰਵਾਉਣ ਵਿਚ ਪੁਲਿਸ ਨੇ ਸਰਗਰਮ ਭੂਮਿਕਾ ਅਦਾ ਕੀਤੀ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਦੀਆਂ ਲੜਕੀਆਂ ਦੀ ਰਾਖੀ ਕਿਵੇਂ ਹੋ ਸਕਦੀ ਹੈ ਜਦੋਂ ਖੁਦ ਸਰਕਾਰ ਦੇ ਹੁਕਮਾਂ ‘ਤੇ ਪੁਲਿਸ ਇਹਨਾਂ ਨੂੰ ਅਗਵਾ ਕਰਨ ਵਿਚ ਮਦਦ ਕਰ ਰਹੀ ਹੈ ਤੇ ਅਗਵਾਕਾਰਾਂ ਨੂੰ ਪੂਰੀ ਸੁਰੱਖਿਆ ਦੇ ਰਹੀ ਹੈ।
ਸਿਰਸਾ ਨੇ ਕਿਹਾ ਕਿ ਇਮਰਾਨ ਖਾਨ ਇਹ ਦਾਅਵਾ ਕਰਦੇ ਸਨ ਕਿ ਪਾਕਿਸਤਾਨ ਨੂੰ ਰਿਆਸਤ ਏ ਮਦੀਨਾ ਬਣਾਉਣਾ ਹੈ। ਉਹਨਾਂ ਸਵਾਲ ਕੀਤਾ ਕਿ ਕੀ ਇਹ ਰਿਆਸਤ ਏ ਮਦੀਨਾ ਹੈ ਜਿਥੇ ਘੱਟ ਗਿਣਤੀਆਂ ‘ਤੇ ਜ਼ੁਲਮ ਹੋ ਰਹੇ ਹਨਉਂ
ਉਹਨਾਂ ਕਿਹਾ ਕਿ ਜਿਹੜੀਆਂ ਲੜਕੀਆਂ ਅਗਵਾ ਕੀਤੀਆਂ ਗਈਆਂ ਹਨ, ਉਹ ਸਾਰੀਆਂ 14 ਤੋਂ 20 ਸਾਲ ਦੀਆਂ ਲੜਕੀਆਂ ਹਨ। ਉਹਨਾਂ ਕਿਹਾ ਕਿ ਇਹ ਲੜਕੀਆਂ ਮੁਸਲਿਮ ਲੜਕਿਆਂ ਦੀ ਪਤਨੀ ਹੀ ਕਿਉਂ ਬਣਦੀਆਂ ਹਨ, ਕੋਈ ਕਿਸੇ ਦੀ ਭੈਣ ਕਿਉਂ ਨਹੀਂ ਬਣਦੀ, ਕੋਈ ਪੁਰਸ਼ ਧਰਮ ਪਰਿਵਰਤਨ ਕਿਉਂ ਨਹੀਂ ਕਰਦਾ, ਕੋਈ 50 ਸਾਲਾਂ ਦੀ ਮਹਿਲਾ ਕਿਉਂ ਧਰਮ ਪਰਿਵਰਤਨ ਨਹੀਂ ਕਰਦੀ।
ਉਹਨਾਂ ਕਿਹਾ ਕਿ ਜਦੋਂ ਤੱਕ ਸੰਯੁਕਤ ਰਾਸ਼ਟਰ ਇਸ ਮਾਮਲੇ ਵਿਚ ਦਖਲ ਨਹੀਂ ਦਿੰਦਾ ਤੇ ਪਾਕਿਸਤਾਨ ਨੂੰ ਚੇਤਾਵਨੀ ਦੇ ਕੇ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪਾਕਿਸਤਾਨ ਵਿਚ ਘੱਟ ਗਿਣਤੀਆਂ ‘ਤੇ ਜ਼ੁਲਮ ਅਤੇ ਤਸ਼ੱਦਦ ਬੰਦ ਨਹੀਂ ਹੋ ਸਕਦਾ।