ਇਸਲਾਮਾਬਾਦ, 22 ਸਤੰਬਰ
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਦੇਸ਼ ਵਿੱਚ ਆਮ ਚੋਣਾਂ ਅਗਲੇ ਸਾਲ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ’ਚ ਹੋਣਗੀਆਂ। ਵਿੱਤੀ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਸਿਆਸੀ ਪਾਰਟੀਆਂ ਵੱਲੋਂ ਸਮੇਂ ਸਿਰ ਚੋਣਾਂ ਕਰਵਾਉਣ ਦੇ ਵਧ ਰਹੇ ਦਬਾਅ ਦੌਰਾਨ ਚੋਣ ਕਮਿਸ਼ਨ ਨੇ ਇਹ ਐਲਾਨ ਕੀਤਾ ਹੈ। ਕਮਿਸ਼ਨ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਉਸ ਨੇ ਚੋਣ ਹਲਕਿਆਂ ਦੀ ਹੱਦਬੰਦੀ ਦੇ ਕੰਮ ਦੀ ਸਮੀਖਿਆ ਕੀਤੀ ਹੈ ਅਤੇ ਹਲਕਿਆਂ ਦੀ ਹੱਦਬੰਦੀ ਦੀ ਸ਼ੁਰੂਆਤੀ ਸੂਚੀ 27 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਕਿ ਪਾਰਟੀਆਂ ਇਸ ਸਬੰਧੀ ਇਤਰਾਜ਼ ਦਾਖਲ ਕਰ ਸਕਣਗੀਆਂ ਜਿਸ ਮਗਰੋਂ ਚੋਣ ਕਮਿਸ਼ਨ ਸਾਰੇ ਇਤਰਾਜ਼ਾਂ ਅਤੇ ਸੁਝਾਵਾਂ ਦਾ ਹੱਲ ਕਰੇਗਾ। ਬਿਆਨ ਮੁਤਾਬਕ ਸੂਚੀ ਦੇ ਸਬੰਧ ’ਚ ਪਾਰਟੀਆਂ ਦੇ ਇਤਰਾਜ਼ਾਂ ਅਤੇ ਸੁਝਾਵਾਂ ’ਤੇ ਵਿਚਾਰ ਕਰਨ ਮਗਰੋਂ 30 ਨਵੰਬਰ ਨੂੰ ਆਖਰੀ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ ਜਿਸ ਮਗਰੋਂ ਚੋਣ ਪ੍ਰੋਗਰਾਮ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹੱਦਬੰਦੀ ਦਾ ਕੰਮ ਖਤਮ ਹੋਣ ’ਤੇ 54 ਦਿਨਾ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਤੇ ‘‘ਚੋਣਾਂ ਜਨਵਰੀ 2024 ਦੇ ਆਖਰੀ ਹਫ਼ਤੇ ਹੋਣਗੀਆਂ।’’ ਦੱਸਣਯੋਗ ਹੈ ਕਿ ਪਾਕਿਸਤਾਨ ’ਚ ਕੌਮੀ ਅਸੈਂਬਲੀ 9 ਅਗਸਤ ਨੂੰ ਭੰਗ ਕਰ ਦਿੱਤੀ ਗਈ ਸੀ ਅਤੇ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਹਨ। ਪਿਛਲੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਦਿਨਾਂ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਜਨਗਣਨਾ ਰਿਪੋਰਟ ਆਉਣ ਮਗਰੋਂ ਉਸ ਦੇ ਆਧਾਰ ’ਤੇ ਚੋਣ ਹਲਕਿਆਂ ਦੀ ਪੁਨਰ ਹੱਦਬੰਦੀ ਕੀਤੀ ਜਾਵੇਗੀ ਅਤੇ ਉਸ ਮਗਰੋਂ ਆਮ ਚੋਣਾਂ ਕਰਵਾਈਆਂ ਜਾਣਗੀਆਂ।