ਨਵੀਂ ਦਿੱਲੀ—ਦੁਨੀਆ ਦੀ ਦੂਜੇ ਨੰਬਰ ਦੀ ਖ਼ਿਡਾਰਨ ਪੀ.ਵੀ. ਸਿੰਧੂ ਨੇ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਦੇ ਕੁਆਰਟਰ ਫਾਈਨਲ ‘ਚ ਥਾਂ ਬਣਾ ਲਈ ਹੈ। ਵੀਰਵਾਰ ਨੂੰ ਚੀਨ ਦੇ ਫੁਜੋਓ ‘ਚ ਖੇਡੇ ਗਏ ਦੂਜੇ ਰਾਊੁਂਡ ਦੇ ਮੈਚ ‘ਚ ਸਿੰਧੂ ਨੇ ਚੀਨ ਦੀ ਨੌਜਵਾਨ ਖਿਡਾਰਨ ਹਾਲ ਯੂ ਨੂੰ ਸਿੱਧੇ ਸੈੱਟ ‘ਚ 21-15, 21-13 ਨਾਲ ਮਾਤ ਦਿੱਤੀ। ਇਨ੍ਹਾਂ ਦੋਵਾਂ ਖਿਡਾਰਨਾਂ ਦਰਮਿਆਨ ਇਹ ਪਹਿਲਾ ਮੁਕਾਬਲਾ ਸੀ ਜਿਸ ‘ਚ ਭਾਰਤੀ ਖਿਡਾਰਨ ਭਾਰੀ ਪਈ। ਟੂਰਨਾਮੈਂਟ ‘ਚ ਦੂਜਾ ਦਰਜਾ ਪ੍ਰਾਪਤ ਸਿੰਧੂ 17 ਸਾਲ ਦੀ ਵਿਰੋਧੀ ਖਿਡਾਰਨ ਦੇ ਸਾਹਮਣੇ ਇੱਕੀ ਸਾਬਤ ਹੋਈ। ਸ਼ੁਰੂਆਤ ‘ਚ ਅਜਿਹਾ ਲੱਗਾ ਕਿ ਇਹ ਮੁਕਾਬਲਾ ਕਾਫ਼ੀ ਕਰੀਬੀ ਹੋ ਸਕਦਾ ਹੈ। ਵਿਸ਼ਵ ਦੀ 105ਵੇਂ ਨੰਬਰ ਦੀ ਖਿਡਾਰਨ ਹਾਨ ਨੇ ਇਹ ਮੁਕਾਬਲਾ 5-6 ਤਕ ਪਹੁੰਚਾ ਦਿੱਤਾ ਸੀ ਪਰ ਸਿੰਧੂ ਦਾ ਤਜ਼ਰਬਾ ਉਨ੍ਹਾਂ ਦੇ ਕੰਮ ਆਇਆ । ਸਿੰਧੂ ਨੇ 12-10 ਨਾਲ ਵਾਧੇ ਤੋਂ ਬਾਅਦ ਸ਼ਾਨਦਾਰ ਖੇਡ ਵਿਖਾਉਂਦਿਆਂ ਸਿਰਫ ਪੰਜ ਅੰਕ ਗਵਾਏ ਅਤੇ ਪਹਿਲਾ ਸੈੱਟ 21-15 ਨਾਲ ਆਪਣੇ ਨਾਮ ਕੀਤਾ।
ਦੂਜੇ ਸੈੱਟ ‘ਚ ਸਿੰਧੂ ਨੇ 6-0 ਨਾਲ ਵਾਧਾ ਬਣਾ ਲਿਆ ਸੀ ਤੇ ਬ੍ਰੇਕ ਤਕ ਉਹ 11-3 ਨਾਲ ਅੱਗੇ ਸੀ। ਹਾਨ ਨੇ ਇਥੇ ਚੁਣੌਤੀ ਪੇਸ਼ ਕੀਤੀ ਤੇ ਸਕੋਰ ਨੂੰ 9-12 ਤਕ ਲੈ ਗਈ ਪਰ ਇਸ ਤੋਂ ਬਾਅਦ ਸਿੰਧੂ ਨੇ ਲਗਾਤਾਰ ਪੰਜ ਅੰਕ ਜਿੱਤ ਕੇ ਕਿਸੇ ਤਰ੍ਹਾਂ ਦੇ ਉਲਟਫੇਰ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ।