ਨਵੀਂ ਦਿੱਲੀ, ਦੱਖਣੀ ਕੋਰੀਆ ਵਿੱਚ ਸੰਨ 2012 ਵਿੱਚ ਕਰਵਾਈਆਂ ਗਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਤੋਂ ਗ਼ਲਤ ਢੰਗ ਨਾਲ ਰੋਕੇ ਜਾਣ ਸਬੰਧੀ ਦਿੱਲੀ ਹਾਈ ਕੋਰਟ ਨੇ ਪਹਿਲਵਾਨ ਸਤੀਸ਼ ਕੁਮਾਰ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਉਸ ਨੂੰ ਇਸ ‘ਭੁਲੇਖੇ’ ਤਹਿਤ ਰੋਕ ਦਿੱਤਾ ਗਿਆ ਸੀ ਕਿ ਉਸ ਨੇ ਖੇਡਣ ਦੀ ਸਮਰੱਥਾ ਵਧਾਉਣ ਲਈ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕੀਤੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫਆਈ) ਨੂੰ ਮੁਆਵਜ਼ੇ ਸਬੰਧੀ ਨਿਰਦੇਸ਼ ਦਿੰਦਿਆਂ ਅਦਾਲਤ ਨੇ ਕਿਹਾ ਕਿ ਕਦੇ ਖੇਡਾਂ ਨਾਲ ਸਬੰਧਤ ਨਾ ਰਹੇ ਫੈਡਰੇਸ਼ਨਾਂ ਦੇ ਮੁਖੀਆਂ ਵੱਲੋਂ ਜਿਸ ਕਿਸਮ ਦਾ ਸਲੂਕ ਖਿਡਾਰੀਆਂ ਨਾਲ ਕੀਤਾ ਜਾਂਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਕੌਮਾਂਤਰੀ ਪੱਧਰ ’ਤੇ ਤਗ਼ਮਿਆਂ ਲਈ ਭਾਰਤ ਹਾਲੇ ਤੱਕ ਸੰਘਰਸ਼ ਕਿਉਂ ਕਰ ਰਿਹਾ ਹੈ। ਅਦਾਲਤ ਨੇ ਡਬਲਿਊਐਫਆਈ ਦੇ ਅਧਿਕਾਰੀਆਂ ਖ਼ਿਲਾਫ਼ ਜਾਂਚ ਕਰਨ ਲਈ ਵੀ ਕਿਹਾ ਹੈ।  ਪੰਜਾਬ ਦੇ ਰਹਿਣ ਵਾਲੇ ਸਤੀਸ਼ ਕੁਮਾਰ ਦੀ ਚੋਣ ਦੱਖਣੀ ਕੋਰੀਆਂ ਵਿੱਚ ਕਰਵਾਈਆਂ ਗਈਆਂ 14ਵੀਆਂ ਏਸ਼ਿਆਈ ਖੇਡਾਂ ਲਈ ਹੋਈ ਸੀ ਪਰ ਉਸ ਨੂੰ ਜਹਾਜ਼ ਚੜ੍ਹਨ ਤੋਂ ਇਸ ਲਈ ਰੋਕ ਦਿੱਤਾ ਗਿਆ ਸੀ ਕਿਉਂਕਿ ਸਤੀਸ਼ ਕੁਮਾਰ ਨਾਂ ਦੇ ਪਹਿਲਵਾਨ ’ਤੇ ਡੋਪਿੰਗ ਕਾਰਨ ਦੋ ਸਾਲ ਦੀ ਰੋਕ ਲੱਗੀ ਹੋਈ ਸੀ ਜਦਕਿ ਡੋਪਿੰਗ ਵਾਲਾ ਸਤੀਸ਼ ਕੁਮਾਰ ਪੱਛਮੀਂ ਬੰਗਾਲ ਦਾ ਰਹਿਣ ਵਾਲਾ ਸੀ।