ਮੁੰਬਈ:ਗਾਇਕ ਪਵਨਦੀਪ ਰਾਜਨ ਨੇ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਦਾ ਖਿਤਾਬ ਜਿੱਤ ਲਿਆ ਹੈ। ਉਸ ਦਾ ਕਹਿਣਾ ਹੈ ਕਿ ਇਸ ਜਿੱਤ ਨੇ ਉਸ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ। ਚੰਪਾਵਤ (ਉੱਤਰਾਖੰਡ) ਦੇ ਰਾਜਨ ਨੂੰ ਸੋਨੀ ਟੀਵੀ ’ਤੇ ਚੱਲੇ ਹੁਣ ਤੱਕ ਦੇ ਸਭ ਤੋਂ ਵੱਡੇ 12 ਘੰਟੇ ਦੇ ਫਿਨਾਲੇ ਪ੍ਰੋਗਰਾਮ ਤੋਂ ਬਾਅਦ ਐਤਵਾਰ ਦੇਰ ਸ਼ਾਮ ਸ਼ੋਅ ਦਾ ਜੇਤੂ ਐਲਾਨਿਆ ਗਿਆ। ਗਾਇਕ ਪਵਨਦੀਪ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਨੇ ਅਨੂ ਮਲਿਕ, ਹਿਮੇਸ਼ ਰੇਸ਼ਮੀਆ ਅਤੇ ਸੋਨੂ ਕੱਕੜ ਵੱਲੋਂ ਜੱਜ ਕੀਤੇ ਗਏ ‘ਇੰਡੀਅਨ ਆਈਡਲ 12’ ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਅਤੇ ਖ਼ੁਦ ਨੂੰ ਬਹੁਤ ਹੀ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਆਡੀਸ਼ਨ ਦੌਰਾਨ ਮੈਂ ਬਹੁਤ ਘਬਰਾਇਆ ਹੋਇਆ ਸੀ। ਮੈਂ ਸੋਚਿਆ ਸੀ ਕਿ ਸ਼ਾਇਦ ਮੈਂ ਚੁਣਿਆ ਹੀ ਨਾ ਜਾਵਾਂ ਪਰ ਜਿੱਤ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ।’’ ਉਸ ਨੇ ਕਿਹਾ, ‘‘ਮੈਂ ਜੱਜਾਂ ਤੇ ਟੀਮ ਤੋਂ ਬਹੁਤ ਕੁਝ ਸਿੱਖਿਆ। ‘ਇੰਡੀਅਨ ਆਈਡਲ ਨੇ ਮੇਰੇ ਸੁਫਨੇ ਪੂਰੇ ਕਰਨ ਲਈ ਪੁਲ ਦਾ ਕੰਮ ਕੀਤਾ।’’ ਜੇਤੂ ਪਵਨਦੀਪ ਰਾਜਨ ਨੂੰ ਸੋਨੀ ਐਟਰਟੇਨਮੈਂਟ ਟੈਲੀਵਿਜ਼ਨ ਵੱਲੋਂ 25 ਲੱਖ ਰੁਪਏ ਦਾ ਚੈੱਕ ਅਤੇ ਸਵਿਫਟ ਕਾਰ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ ਅਤੇ ਦੂਜੇ ਦੇ ਉਪ-ਜੇਤੂਆਂ ਅਰੁਨਿਤਾ ਕਾਂਜੀਲਾਲ ਅਤੇ ਸਾਇਲੀ ਕਾਂਬਲੇ ਨੂੰ ਪੰਜ-ਪੰਜ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ।