ਵੈਨਕੂਵਰ, ਪਿਛਲੀ ਸਦੀ ਦੇ ਪਹਿਲੇ ਸਾਲਾਂ ’ਚ ਭਾਰਤ, ਚੀਨ ਤੇ ਜਪਾਨ ਤੋਂ ਅਮਰੀਕੀ ਸ਼ਹਿਰ ਬੈਲਿੰਘਮ ਪਹੁੰਚੇ ਲੋਕਾਂ ਨਾਲ ਹੋਏ ਨਸਲੀ ਵਿਤਕਰੇ ਦੇ ਪਛਤਾਵੇ ਵਜੋਂ ਸਰਕਾਰ ਵੱਲੋਂ ਉਥੇ ਯਾਦਗਾਰ ਬਣਾਈ ਜਾ ਰਹੀ ਹੈ। ਇਸ ਦੀ ਇਮਾਰਤ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਸਥਾਨਕ ਸਰਕਾਰ ਬੈਲਿੰਘਮ ਵੱਲੋਂ ਇਸ ਬਾਰੇ ਸਮਾਗਮ ਵੀ ਕਰਵਾਇਆ ਗਿਆ ਜਿਸ ’ਚ ਸਦੀ ਪਹਿਲਾਂ ਦੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਗਿਆ, ਜਦ ਰੁਜ਼ਗਾਰ ਦੀ ਭਾਲ ’ਚ ਆਏ ਦੱਖਣ ਏਸ਼ਿਆਈ ਲੋਕਾਂ ਨਾਲ ਸਥਾਨਕ ਗੋਰੇ ਲੋਕਾਂ ਵੱਲੋਂ ਦੁਰਵਿਹਾਰ ਕੀਤਾ ਜਾਂਦਾ ਸੀ।
ਸਥਾਨਕ ਇਤਿਹਾਸਕਾਰ ਰੋਸਟਨ ਮਰਫੀ, ਸਾਬਕਾ ਮੇਅਰ ਟਿਮ ਡਗਲਸ, ਪਾਦਰੀ ਪੌਲ ਬੈਕਲ, ਡਾ. ਜਸਬੀਰ ਸਿੰਘ ਕੰਗ, ਰੇਡੀਓ ਹੋਸਟ ਕਲਦੀਪ ਸਿੰਘ, ਕਾਮਾਗਾਟਾ ਮਾਰੂ ਮਿਸ਼ਨ ਦੇ ਹਰਭਜਨ ਸਿੰਘ ਗਿੱਲ, ਬੀਬੀ ਤੈਜ਼ੀਨ ਮੋਹਾਮਡਾਲੀ, ਪ੍ਰਾਜੈਕਟ ਦੇ ਰੂਪਰੇਖਾਕਾਰ ਕੇਵਿਨ ਐਲਿਨ, ਸਥਾਨਕ ਪੁਲੀਸ ਮੁਖੀ ਬਿੱਲ ਐਲਫੋ ਤੇ ਹੋਰਾਂ ਨੇ ਉਨ੍ਹਾਂ ਹਾਲਤਾਂ ਨੂੰ ਯਾਦ ਕਰਦੇ ਹੋਏ ਮੰਦਭਾਗੇ ਦੱਸਿਆ। ਬੁਲਾਰਿਆਂ ਨੇ ਕਿਹਾ ਕਿ ਦੱਖਣ ਏਸ਼ਿਆਈ ਲੋਕਾਂ ਦਾ ਅਮਰੀਕਾ ਦੇ ਵਿਕਾਸ ’ਚ ਵੱਡਾ ਯੋਗਦਾਨ ਹੈ।