ਪਟਿਆਲਾ, ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਤੇ ਡੰਡੇ ਦੇ ਜ਼ੋਰ ਨਾਲ ਆਂਗਨਵਾੜੀ ਵਰਕਰਾਂ ਨੂੰ ਅੱਧੀ ਰਾਤ ਨੂੰ ਧਰਨੇ ਤੋਂ ਖਦੇੜ ਦਿੱਤਾ। ਇਸ ਦੌਰਾਨ ਕਈ ਬੀਬੀਆਂ ਗਸ਼ ਖਾ ਕੇ ਡਿੱਗ ਪਈਆਂ। ਪੁਲੀਸ ਦੇ ਸਖ਼ਤ ਰੁਖ਼ ਕਾਰਨ ਆਂਗਨਵਾੜੀ ਵਰਕਰਾਂ ਨੂੰ ਅੱਧੀ ਰਾਤ ਨੂੰ ਆਸੇ-ਪਾਸੇ ਲੁਕਣਾ ਪਿਆ।
ਮੁੱਖ ਮੰਤਰੀ ਦੇ ਸ਼ਹਿਰ ਵਿੱਚ ਧਰਨੇ ਲਈ ਪੁੱਜੀਆਂ ਪੰਜਾਬ ਭਰ ਦੀਆਂ ਆਂਗਨਵਾੜੀ ਵਰਕਰਾਂ ਪੁਲੀਸ ਅੱਗੇ ਬੇਵੱਸ ਹੋ ਗਈਆਂ| ਪੁਲੀਸ ਨੇ ਜਿੱਥੇ ਵੱਡੀ ਤਾਦਾਦ ਵਿੱਚ ਬੀਬੀਆਂ ਨੂੰ ਧਰਨੇ ਤੋਂ ਖਦੇੜ ਦਿੱਤਾ, ਉਥੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਅੱਧੀ ਰਾਤ ਨੂੰ ਓਵਰਬ੍ਰਿਜ ਹੇਠਾਂ ਧਰਨੇ ’ਤੇ ਬੈਠੀਆਂ ਆਂਗਨਵਾੜੀ ਵਰਕਰਾਂ ਨੂੰ ਲਾਊਡ ਸਪੀਕਰ ਰਾਹੀਂ ਐਲਾਨ ਕਰ ਕੇ ਧਰਨੇ ਤੋਂ ਉਠਣ ਦੀ ਅਪੀਲ ਕੀਤੀ ਤੇ ਇਸ ਚਿਤਾਵਨੀ ਦੇ ਕੁਝ ਪਲਾਂ ਬਾਅਦ ਪਾਣੀ ਦੀਆਂ ਬੁਛਾੜਾਂ ਨਾਲ ਹੱਲਾ ਬੋਲ ਦਿੱਤਾ। ਜਦੋਂ ਕੁਝ ਆਂਗਨਵਾੜੀ ਵਰਕਰਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੁਲੀਸ, ਬੀਬੀਆਂ ਨੂੰ ਖਦੇੜ ਕੇ ਰੇਲਵੇ ਸਟੇਸ਼ਨ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੱਲ ਲੈ ਗਈ। ਪੁਲੀਸ ਨੇ ਆਂਗਨਵਾੜੀ ਵਰਕਰਾਂ ਨੂੰ ਸਵੇਰੇ ਪਹਿਲੇ ਟਾਈਮ ਵਾਲੀਆਂ ਬੱਸਾਂ ’ਤੇ ਬਿਠਾਉਣ ਤੱਕ ਨਿਗਰਾਨੀ ਰੱਖੀ| ਪੁਲੀਸ ਦੀ ਸਖ਼ਤੀ ਤੋਂ ਖ਼ਫ਼ਾ ਕੁਝ ਆਂਗਨਵਾੜੀ ਵਰਕਰਾਂ ਨੇ ਅੱਜ ਦਿਨ ਵੇਲੇ ਮਿੰਨੀ ਸਕੱਤਰੇਤ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦਾ ਯਤਨ ਵੀ ਕੀਤਾ| ਇਸ ਮਗਰੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨਾਲ ਸਬੰਧਤ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਹੈ ਕਿ ਉਹ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਕਰਨਗੀਆਂ। ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਆਂਗਨਵਾੜੀ ਵਰਕਰਾਂ ਦੀ ਖਿੱਚ-ਧੂਹ ਕੀਤੀ ਹੈ| ਉਧਰ ‘ਆਪ’ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਆਂਗਨਵਾੜੀ ਵਰਕਰਾਂ ’ਤੇ ਜਬਰ ਦੀ ਨਿਖੇਧੀ ਕੀਤੀ।