ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਅਕਾਲ ਤਖ਼ਤ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ।
ਅਰਦਾਸ ਉਪਰੰਤ ਆਰੰਭ ਹੋਏ ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ। ਇਹ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਚੌਕ ਪਰਾਗਦਾਸ, ਚੌਕ ਬਾਬਾ ਸਾਹਿਬ, ਚੌਕ ਕਰੋੜੀ, ਬਾਬਾ ਦੀਪ ਸਿੰਘ ਕਲੋਨੀ, ਚੌਕ ਮੋਨੀ, ਹਵੇਲੀ ਅਬਲਵਾਈਆਂ, ਚੌਕ ਜੈ ਸਿੰਘ, ਬਜ਼ਾਰ ਲੁਹਾਰਾਂ, ਚੌਕ ਲਛਮਣਸਰ, ਕਣਕ ਮੰਡੀ, ਚਾਵਲ ਮੰਡੀ, ਚੌਕ ਭਾਈ ਮਤੀ ਦਾਸ, ਚੌਕ ਛੱਤੀ ਖੂਹੀ, ਬਜ਼ਾਰ ਬਾਂਸਾਂ, ਬਾਜ਼ਾਰ ਪਾਪੜਾਂ, ਬਾਜ਼ਾਰ ਕਾਠੀਆਂ, ਦਰਸ਼ਨੀ ਡਿਓਢੀ ਬਾਜ਼ਾਰ, ਗੁਰੂ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਪੁੱਜਿਆ। ਨਗਰ ਕੀਰਤਨ ਵਿੱਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਸਮੁੱਚਾ ਸਟਾਫ, ਸਮੂਹ ਧਾਰਮਿਕ ਸਭਾ-ਸੁਸਾਇਟੀਆਂ, ਸ਼ਬਦੀ ਜਥੇ, ਗੱਤਕਾ ਪਾਰਟੀਆਂ, ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਬੈਂਡ ਪਾਰਟੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਸੰਗਤਾਂ ਨੇ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਮੂਲੀਅਤ ਕੀਤੀ।