ਐੱਸਏਐੱਸ ਨਗਰ (ਮੁਹਾਲੀ), 7 ਮਈ
ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਣੇ ਅੱਠ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਸੁਮੇਧ ਸੈਣੀ ’ਤੇ 29 ਸਾਲ ਪਹਿਲਾਂ ਮੁਹਾਲੀ ’ਚੋਂ ਸਿੱਟਕੋ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਤੜਕੇ 4 ਵਜੇ ਫੇਜ਼-7 ਸਥਿਤ ਉਸ ਦੇ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਮੁਲਤਾਨੀ ਦੀ ਪੁਲੀਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਉਸ ਸਮੇਂ ਸੈਣੀ ਚੰਡੀਗੜ੍ਹ ਦਾ ਐੱਸਐੱਸਪੀ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਇਨਸਾਫ਼ ਪ੍ਰਾਪਤੀ ਲਈ ਵੱਡੇ ਪੱਧਰ ’ਤੇ ਕਾਨੂੰਨੀ ਚਾਰਜੋਈ ਕੀਤੀ ਗਈ ਸੀ ਪਰ ਉਦੋਂ ਸੈਣੀ ਦੇ ਰੁਤਬੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਬਾਕੀ ਮੁਲਜ਼ਮਾਂ ਵਿੱਚ ਡੀਐੱਸਪੀ ਬਲਦੇਵ ਸਿੰਘ ਸੈਣੀ, ਸਬ ਇੰਸਪੈਕਟਰ ਸਤਵੀਰ ਸਿੰਘ, ਸਬ ਇੰਸਪੈਕਟਰ ਹਰਸਹਾਏ ਸ਼ਰਮਾ, ਸਬ ਇੰਸਪੈਕਟਰ ਜਗੀਰ ਸਿੰਘ, ਸਬ ਇੰਸਪੈਕਟਰ ਅਨੂਪ ਸਿੰਘ, ਏਐੱਸਈ ਕੁਲਦੀਪ ਸਿੰਘ ਤੇ ਇਕ ਅਣਪਛਾਤਾ ਸ਼ਾਮਲ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 364, 201, 344,330 219 ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।