ਟੋਰਾਂਟੋ, ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਜ਼ ਸਿਟਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਟੋਰਾਂਟੋ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ। ਇਸੇ ਤਰ੍ਹਾਂ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਸਵਿੱਟਜ਼ਰਲੈਂਡ ਦੇ ਸਟੈਨਸਿਲਾਸ ਵਾਵਰਿੰਕਾ ਨੂੰ 7-5, 7-6 ਨਾਲ ਹਰਾਇਆ। ਅਗਲੇ ਗੇੜ ਵਿੱਚ ਉਸ ਦੀ ਟੱਕਰ ਮਾਰਿਨ ਸਿਲਿਚ ਨਾਲ ਹੈ, ਜਿਸ ਨੇ ਅਰਜਟੀਨਾ ਦੇ ਡੀਏਗੋ ਸ਼ਵਾਰਟਜ਼ਮੈਨ ਨੂੰ 6-3, 6-2 ਨਾਲ ਮਾਤ ਦਿੱਤੀ।
ਸਟੈਫਾਨੋਜ਼ ਸਿਟਸਿਪਾਸ ਨੇ ਜੋਕੋਵਿਚ ਨੂੰ ਹਰਾ ਕੇ ਉਲਟਫੇਕਰ ਕਰਦਿਆਂ ਆਖ਼ਰੀ ਅੱਠਾਂ ਵਿੱਚ ਥਾਂ ਬਣਾਈ। ਯੂਨਾਨ ਦੇ ਇਸ ਨੌਜਵਾਨ ਖਿਡਾਰੀ ਨੇ ਸਤਵਾਂ ਦਰਜਾ ਪ੍ਰਾਪਤ ਡੌਮੀਨਿਕ ਥੀਮ ਨੂੰ ਸ਼ਿਕਸਤ ਦੇਣ ਮਗਰੋਂ ਚਾਰ ਵਾਰ ਦੇ ਚੈਂਪੀਅਨ ਅਤੇ ਨੌਵਾਂ ਦਰਜਾ ਪ੍ਰਾਪਤ ਜੋਕੋਵਿਚ ਨੂੰ ਪਹਿਲੀ ਹੀ ਟੱਕਰ ਵਿੱਚ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। 27ਵੀਂ ਰੈਂਕਿੰਗ ’ਤੇ ਕਾਬਜ਼ ਸਿਟਸਿਪਾਸ ਨੂੰ ਪਹਿਲੇ ਮਾਸਟਰਜ਼ 1000 ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਸਿਰਫ਼ ਦੋ ਘੰਟੇ ਲੱਗੇ। ਇੱਕ ਹੋਰ ਮੁਕਾਬਲੇ ਵਿੱਚ ਅਲੈਕਜ਼ੇਂਡਰ ਜ਼ਵੈਰੇਵ ਨੇ ਰੂਸ ਦੇ ਦਾਨਿਲ ਮੇਦਵੇਦੇਵ ਨੂੰ 6-3, 6-2 ਨਾਲ ਹਰਾਉਣ ਵਿੱਚ ਮਹਿਜ਼ 52 ਮਿੰਟ ਲਾਏ। ਉਸ ਦਾ ਮੁਕਾਬਲਾ ਸਿਟਸਿਪਾਸ ਨਾਲ ਹੋਵੇਗਾ।
ਬੁਲਗਾਰੀਆ ਦੇ ਪੰਜਵਾਂ ਦਰਜਾ ਪ੍ਰਾਪਤ ਗ੍ਰਿਗੇਰ ਦਿਮਿਤ੍ਰੋਵ ਨੇ ਢਾਈ ਘੰਟੇ ਵਿੱਚ ਅਮਰੀਕਾ ਦੇ ਫਰਾਂਸਿਸ ਟਿਆਫੋ ਨੂੰ 7-6, 3-6, 7-6 ਨਾਲ ਸ਼ਿਕਸਤ ਦਿੱਤੀ। ਹੁਣ ਉਸ ਦਾ ਸਾਹਮਣਾ ਵਿੰਬਲਡਨ ਦੇ ਉਪ ਜੇਤੂ ਅਤੇ ਚੌਥਾ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਨਾਲ ਹੋਵੇਗਾ, ਜਿਸ ਨੇ ਬੇਲਾਰੂਸ ਦੇ ਇਲਯਾ ਇਵਾਸ਼ਕਾ ਨੂੰ ਸ਼ਿਕਸਤ ਦਿੱਤੀ ਹੈ। ਛੇਵਾਂ ਦਰਜਾ ਪ੍ਰਾਪਤ ਮਾਰਿਨ ਸਿਲਿਚ ਨੇ ਅਰਜਨਟੀਨਾ ਦੇ 11ਵਾਂ ਦਰਜਾ ਪ੍ਰਾਪਤ ਡੀਏਗੋ ਸ਼ਵਾਰਟਜ਼ਮੈਨ ਨੂੰ 6-3, 6-2 ਨਾਲ ਹਰਾਇਆ।