ਨਵੀਂ ਦਿੱਲੀ, ਭਾਰਤੀ ਸਟਾਰ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਬ੍ਰਿਸਬਨ ’ਚ ਚੱਲ ਰਹੀ ਰਾਸ਼ਟਰ ਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਮੰਗਲਵਾਰ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸੋਨ ਤਗ਼ਮਾ ਜਿੱਤ ਲਿਆ, ਜਦਕਿ ਦੀਪਕ ਕੁਮਾਰ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਸਟਾਰ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਚੌਥਾ ਸਥਾਨ ਹਾਸਲ ਹੋਇਆ। ਹਿਨਾ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਆਸਟਰੇਲੀਆ ਦੀ ਐਲੀਨਾ ਗਾਲੀਬੋਵਿਚ ਨੂੰ ਹਰਾ ਕੇ 240.8 ਦਾ ਸਕੋਰ ਕੀਤਾ ਤੇ ਅੱਵਲ ਰਹੀ। ਐਲੀਨਾ ਨੇ 238.2 ਦਾ ਸਕੋਰ ਕੀਤਾ ਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਆਸਟਰੇਲੀਆ ਦੀ ਹੀ ਕ੍ਰਿਸਟੀ ਗਿਲਮੈਨ ਨੇ 213.7 ਦੇ ਸਕੋਰ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਹਿਨਾ ਦਾ ਇਹ ਲਗਾਤਾਰ ਦੂਜਾ ਕੌਮਾਂਤਰੀ ਸੋਨ ਤਗ਼ਮਾ ਹੈ।