ਲੁਧਿਆਣਾ, ਸੱਤਾਧਾਰੀਆਂ ਵਿਰੁੱਧ ਹਮੇਸ਼ਾ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਗਰਜਣ ਵਾਲੇ ਵਿਧਾਇਕ ਬੈਂਸ ਭਰਾਵਾਂ ਦੇ ਗੜ੍ਹ ਵਿੱਚ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਸੰਨ੍ਹ ਲਾ ਦਿੱਤੀ ਹੈ।
ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੈਂਸ ਭਰਾਵਾਂ ਦੇ ਕੁਝ ਨਜ਼ਦੀਕੀਆਂ ਨੂੰ ਤੋੜ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਨਤੀਜੇ ਅੱਜ ਸਾਹਮਣੇ ਆ ਗਏ ਹਨ। 59 ਵਾਰਡਾਂ ਵਿੱਚ ਚੋਣ ਲੜ ਰਹੀ ਲੋਕ ਇਨਸਾਫ਼ ਪਾਰਟੀ ਸਿਰਫ਼ 7 ਸੀਟਾਂ ’ਤੇ ਹੀ ਜਿੱਤ ਸਕੀ, ਜਿਨ੍ਹਾਂ ਵਿੱਚੋਂ 24 ਵਾਰਡ ਅਜਿਹੇ ਹਨ, ਜਿੱਥੇ ਉਹ ਆਪਣੀ ਭਾਈਵਾਲ ਪਾਰਟੀ ਦੇ ਸਹਿਯੋਗ ਨਾਲ ਤੀਸਰੇ ਨੰਬਰ ’ਤੇ ਵੀ ਨਹੀਂ ਰਹੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਨੇ ਸ਼ਹਿਰ ਦੇ ਚਾਰ ਹਲਕਿਆਂ ਵਿੱਚ ਚੋਣ ਲੜੀ ਸੀ ਤੇ ਹਰ ਵਾਰਡ ’ਚ ਚੰਗੀ ਲੀਡ ਮਿਲੀ ਸਨ, ਪਰ ਨਿਗਮ ਚੋਣਾਂ ‘ਚ ਉਹ ਆਪਣਾ ਵੋਟ ਬੈਂਕ ਵੀ ਨਹੀਂ ਬਚਾ ਸਕੀ। ਸਨਅਤੀ ਸ਼ਹਿਰ ਵਿੱਚ ‘ਆਪ’ ਵੀ ਪੂਰੀ ਤਰ੍ਹਾਂ ਫੇਲ੍ਹ ਰਹੀ। ਲੁਧਿਆਣਾ ਵਿੱਚ ‘ਆਪ’ ਦਾ ਗ੍ਰਾਫ਼ ਇੱਕ ਸਾਲ ‘ਚ ਪੂਰੀ ਤਰ੍ਹਾਂ ਡਿੱਗ ਗਿਆ। ਹਾਲਤ ਇਹ ਹੈ ਕਿ ਨਿਗਮ ਚੋਣਾਂ ਵਿੱਚ ਪਾਰਟੀ ਸਿਰਫ਼ ਇੱਕ ਸੀਟ ਜਿੱਤ ਸਕੀ। 2014 ਦੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਉਮੀਦਵਾਰ ਐੱਚ.ਐੱਸ. ਫੂਲਕਾ 2.80 ਲੱਖ ਵੋਟਾਂ ਲੈ ਕੇ ਦੂਸਰੇ ਸਥਾਨ ’ਤੇ ਰਹੇ ਸਨ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਸ਼ਹਿਰ ਦੇ ਦੋ ਹਲਕਿਆਂ ‘ਚ ਚੋਣ ਲੜੀ ਸੀ ਤੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ। ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ ਤੇ ਲੁਧਿਆਣਾ ਪੱਛਮੀ ਤੋਂ ਅਹਿਬਾਬ ਗਰੇਵਾਲ, ਦੋਵੇਂ ਹੀ ਦੂਸਰੇ ਸਥਾਨ ’ਤੇ ਆਏ ਸਨ। ਪਰ ਇੱਕ ਸਾਲ ਬਾਅਦ ਹੋਈਆਂ ਨਿਗਮ ਚੋਣਾਂ ‘ਚ ਲੋਕਾਂ ਨੇ ‘ਆਪ’ ਨੂੰ ਬਿਲਕੁਲ  ਨਾਕਾਰ ਦਿੱਤਾ। ਜਿਹੜੇ ਦੋ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਚੋਣ ਲੜੀ ਸੀ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਸੀਟ ਹੀ ਮਿਲੀ। ‘ਆਪ’ ਦੇ ਕਈ ਉਮੀਦਵਾਰਾਂ ਦੀਆਂ ਜ਼ਮਾਨਤ ਵੀ ਜ਼ਬਤ ਹੋ ਗਈਆਂ। ਕਈ ਵਾਰਡ ਅਜਿਹੇ ਹਨ, ਜਿਥੇ ‘ਆਪ’  ਉਮੀਦਵਾਰ ਤੋਂ ਵੱਧ ਆਜ਼ਾਦ ਉਮੀਦਵਾਰ ਵੋਟਾਂ ਲੈ ਗਏ।