ਹੇਮਿਲਟਨ, 26 ਫਰਵਰੀ
ਰੌਸ ਟੇਲਰ ਅਤੇ ਟੌਮ ਲਾਥਮ ਦੀ ਮਹੱਤਵਪੂਰਨ ਸਾਂਝੇਦਾਰੀ ਸਦਕਾ ਨਿਊਜ਼ੀਲੈਂਡ ਨੇ ਪੰਜ ਕੌਮਾਂਤਰੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਦੌਰਾਨ ਅੱਜ ਇੱਥੇ ਸੈਡੋਨ ਪਾਰਕ ਵਿੱਚ ਇੰਗਲੈਂਡ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ 1-0 ਦੀ ਲੀਡ ਬਣਾ ਲਈ ਹੈ। ਇੰਗਲੈਂਡ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ ਅੱਠ ਵਿਕਟਾਂ ’ਤੇ 284 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਰੌਸ ਟੇਲਰ ਦੇ 19ਵੇਂ ਸੈਂਕੜੇ (113 ਦੌੜਾਂ) ਅਤੇ ਲਾਥਮ ਦੇ ਅਰਧ ਸੈਂਕੜੇ (79) ਦੀ ਮਦਦ ਨਾਲ ਨਿਊਜ਼ੀਲੈਂਡ ਨੇ 49.2 ਓਵਰਾਂ ਵਿੱਚ ਸੱਤ ਵਿਕਟਾਂ ’ਤੇ 287 ਦੌੜਾਂ ਨਾਲ ਟੀਚਾ ਪੂਰਾ ਕਰ ਲਿਆ। ਮੈਨ ਆਫ਼ ਦਿ ਮੈਚ ਟੇਲਰ ਨੇ 116 ਗੇਂਦਾਂ ਵਿੱਚ 12 ਚੌਕੇ ਮਾਰੇ।
ਟੇਲਰ ਨੇ ਨਿਊਜ਼ੀਲੈਂਡ ਦੀਆਂ ਤਿੰਨ ਵਿਕਟ ਸਿਰਫ਼ 27 ਦੌੜਾਂ ’ਤੇ ਡਿਗਣ ਤੋਂ ਬਾਅਦ ਟੌਮ ਲਾਥਮ ਨਾਲ ਚੌਥੇ ਵਿਕਟ ਲਈ 178 ਦੌੜਾਂ ਦੀ ਜੇਤੂ ਪਾਰੀ ਖੇਡੀ। ਲਾਥਮ ਨੇ 84 ਗੇਂਦਾਂ ਦੀ ਪਾਰੀ ਵਿੱਚ ਛੇ ਚੌਕੇ ਲਾਏ। ਟੇਲਰ 113 ਦੌੜਾਂ ਬਣਾਉਣ ਤੋਂ ਬਾਅਦ ਸਤਵੇਂ ਬੱਲੇਬਾਜ਼ ਦੇ ਰੂਪ ਵਿੱਚ 244 ਦੇ ਸਕੋਰ ’ਤੇ ਆਊਟ ਹੋਏ। ਅੱਠਵੇਂ ਨੰਬਰ ਦੇ ਬੱਲੇਬਾਜ਼ ਮਿਸ਼ੇਲ ਸੈਂਟਨਰ ਨੇ ਸਿਰਫ਼ 27 ਗੇਂਦਾਂ ’ਤੇ ਦੋ ਚੌਕੇ ਅਤੇ ਚਾਰ ਛੱਕੇ ਮਾਰਦਿਆਂ ਨਾਬਾਦ 45 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਤਕ ਪਹੁੰਚਾਇਆ। ਇੰਗਲੈਂਡ ਵੱਲੋਂ ਕ੍ਰਿਸ ਵੋਕਸ ਅਤੇ ਬੇਨ ਸਟੌਕਸ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪਾਰੀ ਵਿੱਚ ਜੋਏ ਰੂਟ ਨੇ 75 ਗੇਂਦਾਂ ’ਤੇ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 71, ਜੋਸ ਬਟਲਰ ਨੇ 65 ਗੇਂਦਾਂ ਵਿੱਚ ਪੰਜ ਚੌਕੇ ਅਤੇ ਪੰਜ ਛੱਕੇ ਮਾਰਦਿਆਂ 79 ਅਤੇ ਓਪਰ ਜੈਸਨ ਰਾਏ ਨੇ 66 ਗੇਂਦਾਂ ਵਿੱਚ 49 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ, ਸੇਂਟਨਰ ਅਤੇ ਈਸ਼ ਸੋਢੀ ਨੇ ਦੋ-ਦੋ ਵਿਕਟਾਂ ਲਈਆਂ।