ਵੋਲਗੋਗਰਾਦ, ਸਟਰਾਈਕਰ ਅਹਿਮਦ ਮੂਸਾ ਦੇ ਦੂਜੇ ਹਾਫ਼ ਵਿੱਚ ਦਾਗ਼ੇ ਦੋ ਗੋਲਾਂ ਦੀ ਮਦਦ ਨਾਲ ਨਾਇਜੀਰੀਆ ਨੇ ਅੱਜ ਇੱਥੇ ਆਈਸਲੈਂਡ ਨੂੰ 2-0 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2018 ਦੇ ਨਾਕਆਊਟ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਮੂਸਾ ਨੇ 49ਵੇਂ ਅਤੇ 75ਵੇਂ ਮਿੰਟ ਵਿੱਚ ਗੋਲ ਕੀਤੇ, ਜਿਸ ਨਾਲ ਨਾਇਜੀਰੀਆ ਨੂੰ ਪਹਿਲੀ ਜਿੱਤ ਨਸੀਬ ਹੋਈ। ਉਸ ਨੂੰ ਪਹਿਲੇ ਮੈਚ ਵਿੱਚ ਕ੍ਰੋਏਸ਼ੀਆ ਹੱਥੋਂ 0-2 ਗੋਲਾਂ ਨਾਲ ਹਾਰ ਝੱਲਣੀ ਪਈ ਸੀ, ਪਰ ਗਰੁੱਪ ‘ਡੀ’ ਵਿੱਚ ਅਰਜਨਟੀਨਾ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਹੁਣ ਨਾਇਜੀਰੀਆ ਤਿੰਨ ਅੰਕ ਨਾਲ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਆਈਸਲੈਂਡ ਨੇ ਅਰਜਨਟੀਨਾ ਖ਼ਿਲਾਫ਼ 1-1 ਨਾਲ ਡਰਾਅ ਰਹੇ ਪਹਿਲੇ ਮੈਚ ਵਿੱਚ ਜਿਸ ਤਰ੍ਹਾਂ ਦੀ ਖੇਡ ਵਿਖਾਈ ਸੀ, ਉਸ ਨੂੰ ਅੱਜ ਕਾਇਮ ਨਹੀਂ ਰੱਖ ਸਕਿਆ। ਪਹਿਲੇ ਹਾਫ਼ ਵਿੱਚ ਉਸ ਨੇ ਜ਼ਰੂਰ ਚੰਗੇ ਮੌਕੇ ਬਣਾਏ, ਪਰ ਦੂਜੇ ਹਾਫ਼ ਵਿੱਚ ਨਾਇਜੀਰੀਆ ਦੇ ਹਮਲਾਵਰ ਰੁਖ਼ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਇਲਾਵਾ ਉਸ ਦੇ ਸਟਾਰ ਗਿਲਫ਼ੀ ਸਿਗੁਰਡਸਨ ਨੇ ਇੱਕ ਪੈਨਲਟੀ ਨੂੰ ਵੀ ਗੁਆਇਆ। ਪਹਿਲੇ ਹਾਫ਼ ਵਿੱਚ ਆਇਸਲੈਂਡ ਦੇ ਸਿਗੁਰਡਸਨ ਨੇ ਦੋ ਚੰਗੇ ਮੌਕੇ ਬਣਾਏ, ਪਰ ਦੋਵੇਂ ਮੌਕੇ ਅਸਫਲ ਹੋ ਗਏ।