ਚੰਡੀਗੜ, 27 ਅਪਰੈਲ: ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਤਰਨਤਾਰਨ ਜ਼ਿਲ੍ਹੇ ਵਿਚ ਲਿਆਉਣ ਵਾਲੇ ਬੱਸ ਚਾਲਕ ਦੇ ਕੋਰੋਨਾ ਪਾਜੇਟਿਵ ਹੋਣ ਦਾ ਖੁਲਾਸਾ ਹੁੰਦਿਆਂ ਹੀ ਸਰਹੱਦੀ ਇਲਾਕੇ ਖੇਮਕਰਨ ਵਿਚ ਹੜਕੰਪ ਮਚ ਗਿਆ ਹੈ। ਐਤਵਾਰ ਨੂੰ ਸਵੇਰੇ ਇਕ ਬੱਸ ਖੇਮਕਰਨ ਇਲਾਕੇ ‘ਚ ਸ਼ਰਧਾਲੂ ਛੱਡ ਕੇ ਵਾਪਸ ਮਹਾਂਰਾਸ਼ਟਰ ਰਵਾਨਾ ਹੋ ਗਈ ਸੀ। ਜਦੋਂਕਿ ਦੇਰ ਰਾਤ ਕਰੀਬ ਦੋ ਵਜੇ ਇਸ ਬੱਸ ਵਿਚ ਆਏ ਸਾਰੇ 11 ਸ਼ਰਧਾਲੂਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਤਰਨਤਾਰਨ ਲੈ ਆਈਆਂ। ਜਿਥੋਂ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਅੰਮ੍ਰਿਤਸਰ ਭੇਜੇ ਜਾ ਰਹੇ ਹਨ। ਸਿਹਤ ਵਿਭਾਗ ਦੀ ਮੰਨੀਏ ਤਾਂ ਨਾਂਦੇੜ ਤੋਂ ਆਈ ਬੱਸ ਦਾ ਚਾਲਕ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਜਿਸਦੇ ਚੱਲਦਿਆਂ ਸ਼ਰਧਾਲੂਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਦੂਜੇ ਪਾਸੇ ਦੇਰ ਰਾਤ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਇਲਾਕੇ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਐਤਵਾਰ ਸਵੇਰੇ ਪੱਟੀ ਅਤੇ ਖੇਮਕਰਨ ਦੇ ਸ਼ਰਧਾਲੂਆਂ ਨੂੰ ਲੈ ਕੇ ਬੱਸਾਂ ਤਰਨਤਾਰਨ ਜ਼ਿਲ੍ਹੇ ਵਿਚ ਪਹੁੰਚੀਆਂ ਸਨ। ਇਨ੍ਹਾਂ ਵਿਚੋਂ ਇਕ ਛੋਟੀ ਬੱਸ (ਟੈਂਪੂ ਟਰੈਵਲ) ‘ਚ 11 ਸ਼ਰਧਾਲੂ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖੇਮਕਰਨ ਇਲਾਕੇ ਦੇ ਸਵਾਰ ਸਨ, ਜਦੋਂਕਿ ਤਿੰਨ ਸ਼ਰਧਾਲੂ ਮੋਗੇ ਜ਼ਿਲ੍ਹੇ ਨਾਲ ਸਬੰਧਤ ਸਨ। ਸਵੇਰ ਵੇਲੇ ਬੱਸ ਚਾਲਕ ਸ਼ਰਧਾਲੂਆਂ ਨੂੰ ਛੱਡ ਕੇ ਵਾਪਸ ਵੀ ਚਲਾ ਗਿਆ ਪਰ ਬਾਅਦ ਵਿਚ ਮਹਾਂਰਾਸ਼ਟਰ ਤੋਂ ਆਏ ਬੱਸ ਚਾਲਕ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਲੱਗ ਗਈ। ਜਿਸ ਤੋਂ ਬਾਅਦ ਦੇਰ ਰਾਤ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਖੇਮਕਰਨ ਪਹੁੰਚ ਗਿਆ। ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਬੱਸ ਚਾਲਕ ਦੇ ਕੋਰੋਨਾ ਪੌਜ਼ੀਟਿਵ ਹੋਣ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਬੱਸ ਵਿਚ ਸਵਾਰ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ 11 ਸ਼ਰਧਾਲੂਆਂ ਨੂੰ ਸੈਂਪਲ ਲੈਣ ਲਈ ਤਰਨਤਾਰਨ ਦੇ ਆਈਸੋਲੇਸ਼ਨ ਵਾਰਡ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਹਾਂਰਾਸ਼ਟਰ ਨਾਲ ਸਬੰਧਤ ਬੱਸ ਚਾਲਕ ਦਾ ਸੈਂਪਲ ਪਹਿਲਾਂ ਲਿਆ ਹੋਵੇਗਾ, ਜਿਸਦੇ ਰਵਾਨਾ ਹੋਣ ਤੋਂ ਬਾਅਦ ਆਈ ਰਿਪੋਰਟ ਦੀ ਸੂਚਨਾ ਸਰਕਾਰ ਰਾਂਹੀ ਉਨ੍ਹਾਂ ਨੂੰ ਮਿਲੀ ਹੈ। ਜਿਸਦੇ ਚੱਲਦਿਆਂ ਸ਼ਰਧਾਲੂਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਜਦੋਂਕਿ ਜੋ ਤਿੰਨ ਸ਼ਰਧਾਲੂ ਮੋਗੇ ਜ਼ਿਲ੍ਹੇ ਨਾਲ ਸਬੰਧਤ ਸਨ, ਉਥੋਂ ਦੇ ਸਿਹਤ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਖੇਮਕਰਨ ਇਲਾਕੇ ਵਿਚ ਪਹੁੰਚੀ ਬੱਸ ਦੇ ਚਾਲਕ ਨੇ ਇਕ ਵੀਡੀਓ ਸ਼ੋਸ਼ਲ ਮੀਡੀਆ ਰਾਂਹੀ ਜਾਰੀ ਕੀਤੀ ਹੈ, ਜਿਸ ਵਿਚ ਉਹ ਆਪਣਾ ਕੋਈ ਵੀ ਟੈਸਟ ਨਾ ਹੋਣ ਦੀ ਗੱਲ ਕਹਿ ਰਿਹਾ ਹੈ।