ਬਠਿੰਡਾ, 7 ਨਵੰਬਰ
ਪੰਜਾਬ ਦੇ ਨਸ਼ੇੜੀ ਪਿਛਲੇ ਤਿੰਨ ਸਾਲਾਂ ਵਿੱਚ ਨਸ਼ੇ ਛੱਡਦੇ ਛੱਡਦੇ ਟਰੈਮਾਡੋਲ ਦੀਆਂ ਪੰਜਾਹ ਲੱਖ ਗੋਲੀਆਂ ਛਕ ਗਏ ਹਨ। ਸਰਕਾਰ ਤੋਂ ਮੁਫ਼ਤ ‘ਚ ਮਿਲਦੀ ਟਰੈਮਾਡੋਲ ਨੇ ਨਸ਼ੇੜੀਆਂ ਨੂੰ ਮੌਜਾਂ ਲਾਈ ਰੱਖੀਆਂ। ਬਹੁਤੇ ਨਸ਼ਾ ਛੱਡ ਗਏ ਹਨ ਪਰ ਹੁਣ ਟਰੈਮਾਡੋਲ ਨਹੀਂ ਛੁੱਟ ਰਹੀ। ਗੱਠਜੋੜ ਸਰਕਾਰ ਸਮੇਂ ਅਗਸਤ, 2014 ‘ਚ ਨਸ਼ਾ ਛੁਡਾਊ ਮੁਹਿੰਮ ਚੱਲੀ ਸੀ ਅਤੇ ਉਦੋਂ ਟਰੈਮਾਡੋਲ ਦੀ ਸਪਲਾਈ ਇਕਦਮ ਵਧਾਈ ਗਈ ਸੀ। ਮੁਹਿੰਮ ਦੇ ਸ਼ੁਰੂਆਤੀ ਤਿੰਨ ਮਹੀਨਿਆਂ ‘ਚ ਮਾਲਵੇ ਦੇ ਨਸ਼ੇੜੀ ਟਰੈਮਾਡੋਲ ਦੀਆਂ 4.65 ਲੱਖ ਗੋਲੀਆਂ ਛਕ ਗਏ ਸਨ। ਕੈਪਟਨ ਸਰਕਾਰ ਨੇ ਹੁਣ ਅੰਮ੍ਰਿਤਸਰ, ਤਰਨ ਤਾਰਨ ਤੇ ਮੋਗਾ ਜ਼ਿਲ੍ਹਿਆਂ ’ਚ ਨਵੇਂ ਸਿਰਿਓਂ ਨਸ਼ਾ ਛੁਡਾਊ ਮੁਹਿੰਮ ਵਿੱਢੀ ਹੈ, ਜਿਸ ਤਹਿਤ ਹੁਣ ਟਰੈਮਾਡੋਲ ਦੀ ਥਾਂ ‘ਤੇ ਦੋ ਨਵੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਕੈਪਟਨ ਸਰਕਾਰ ਨੇ ਜੂਨ ਮਹੀਨੇ ’ਚ ਟਰੈਮਾਡੋਲ ਦੀਆਂ 15 ਲੱਖ ਗੋਲੀਆਂ ਦਾ ਆਰਡਰ ਦਿੱਤਾ ਹੈ, ਜਿਸ ’ਚੋਂ ਤਕਰੀਬਨ ਢਾਈ ਲੱਖ ਗੋਲੀਆਂ ਜ਼ਿਲ੍ਹਿਆਂ ’ਚ ਆ ਗਈਆਂ ਹਨ।
ਜਾਣਕਾਰੀ ਅਨੁਸਾਰ ਜਨਵਰੀ 2017 ਵਿੱਚ ਤਕਰੀਬਨ 15 ਹਜ਼ਾਰ ਟਰੈਮਾਡੋਲ ਦਾ ਆਰਡਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਨਵੰਬਰ 2016 ਵਿੱਚ ਸਿਹਤ ਵਿਭਾਗ ਨੇ ਟਰੈਮਾਡੋਲ ਦੀਆਂ 20 ਲੱਖ ਗੋਲੀਆਂ ਖਰੀਦੀਆਂ ਸਨ। 2015 ’ਚ ਵੀ ਟਰੈਮਾਡੋਲ ਦੀਆਂ 15 ਲੱਖ ਗੋਲੀਆਂ ਦਾ ਆਰਡਰ ਦਿੱਤਾ ਸੀ। ਸਾਲ 2014 ’ਚ ਵੀ 15 ਲੱਖ ਟਰੈਮਾਡੋਲ ਦੀ ਲਾਗਤ ਹੋਈ ਸੀ। ਸਿਹਤ ਵਿਭਾਗ ਵੱਲੋਂ ਹੁਣ ਦਿੱਲੀ ਦੀ ਫਰਮ ਮੈਡੀਕਾਮਿੰਨ ਤੋਂ 2.10 ਰੁਪਏ ਪ੍ਰਤੀ ਪੱਤਾ ਦੇ ਹਿਸਾਬ ਨਾਲ ਟਰੈਮਾਡੋਲ ਖਰੀਦੀ ਜਾ ਰਹੀ ਹੈ।
ਮਾਲਵੇ ਦੇ ਇੱਕ ਡਾਕਟਰ ਨੇ ਦੱਸਿਆ ਕਿ ਬਹੁਤੇ ਨਸ਼ੇੜੀ ਹੁਣ ਟਰੈਮਾਡੋਲ ਦੇ ਆਦੀ ਹੋ ਗਏ ਹਨ। ਮਾਲਵੇ ‘ਚ ਟਰੈਮਾਡੋਲ ਦੀ ਵੱਡੀ ਮੰਗ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਹਸਪਤਾਲ ਨੂੰ ਟਰੈਮਾਡੋਲ ਦੀਆਂ ਤਕਰੀਬਨ 2 ਲੱਖ ਗੋਲੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਟਰੈਮਾਡੋਲ ਪਹਿਲੀ ਪਸੰਦ ਬਣੀ ਹੋਈ ਹੈ। ਬਠਿੰਡਾ, ਮਾਨਸਾ, ਸੰਗਰੂਰ ਆਦਿ ਜੇਲ੍ਹਾਂ ’ਚ ਟਰੈਮਾਡੋਲ ਦੀ ਸਪਲਾਈ ਜ਼ਿਕਰਯੋਗ ਰਹੀ ਹੈ।
ਨਵੀਂ ਮੁਹਿੰਮ ’ਚੋਂ ਟਰੈਮਾਡੋਲ ਬਾਹਰ: ਐਮਡੀ
ਪੰਜਾਬ ਸਿਹਤ ਸਿਸਟਮਜ਼ ਨਿਗਮ ਦੇ ਐਮਡੀ ਵਰੁਣ ਰੂਜਮ ਨੇ ਕਿਹਾ ਕਿ ਡਾਕਟਰ ਦੀ ਸਿਫਾਰਸ਼ ’ਤੇ ਹੀ ਮਰੀਜ਼ਾਂ ਨੂੰ ਟਰੈਮਾਡੋਲ ਦਿੱਤੀ ਜਾਂਦੀ ਹੈ ਪਰ ਹੁਣ ਜੋ ਨਵਾਂ ਪ੍ਰੋਗਰਾਮ ਤਿੰਨ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ, ਉਸ ‘ਚ ਟਰੈਮਾਡੋਲ ਸ਼ਾਮਲ ਨਹੀਂ ਹੈ। ਜਿਥੇ ਕਿਤੇ ਡਾਕਟਰ ਟਰੈਮਾਡੋਲ ਸਿਫਾਰਸ਼ ਕਰਦੇ ਹਨ, ਉਥੇ ਮੰਗ ਦੇ ਹਿਸਾਬ ਨਾਲ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਸਿਰਫ਼ ਦਵਾਈਆਂ ਸਪਲਾਈ ਕੀਤੀਆਂ ਜਾਂਦੀਆਂ ਹਨ।