ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਵਧ ਰਹੇ ਨਫਰਤੀ ਅਪਰਾਧਾਂ ਦਾ ਮੁੱਦਾ ਅਮਰੀਕਾ ਸਰਕਾਰ ਕੋਲ ਉਠਾਉਣ ਅਤੇ ਵਿਦੇਸ਼ਾਂ ਵਿਚਲੇ ਭਾਰਤੀ ਦੂਤ ਘਰਾਂ ਨੂੰ ਨਿਰਦੇਸ਼ ਦੇਣ ਕਿ ਉਹ ਹਾਲ ਹੀ ਵਿਚ ਕੈਲੀਫੋਰਨੀਆ ਵਿਚ ਇੱਕ 50 ਸਾਲ ਦੇ ਸਿੱਖ ਵਿਅਕਤੀ ਉੱਤੇ ਹੋਏ ਨਫਰਤੀ ਹਮਲੇ ਵਰਗੇ ਅਪਰਾਧਾਂ ਦਾ ਟਾਕਰਾ ਕਰਨ ਵਾਸਤੇ ਸਿੱਖ ਧਰਮ ਅਤੇ ਇਸ ਦੇ ਅਕੀਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਅੱਜ ਇੱਥੇ ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਅਮਰੀਕਾ ਅੰਦਰ ਸਿੱਖਾਂ ਨੂੰ ਨਫਰਤੀ ਹਮਲਿਆਂ ਦਾ ਸ਼ਿਕਾਰ ਬਣਾਏ ਜਾਣ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਅਮਰੀਕੀ ਸਮਾਜ ਅੰਦਰ ਸਿੱਖ ਧਰਮ, ਸੱਭਿਆਚਾਰ ਅਤੇ ਵਿਸ਼ਵਾਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਸਕਦਾ ਹੈ।
ਉਨ੍ਹਾਂ 50 ਸਾਲ ਦੇ ਸੁਰਜੀਤ ਮੱਲ੍ਹੀ ਨਾਲ ਹਮਦਰਦੀ ਜ਼ਾਹਿਰ ਕੀਤੀ ਜਿਸ ਦੀ ਦੋ ਅਮਰੀਕੀ ਗੋਰਿਆਂ ਨੇ ਨਸਲੀ ਟਿੱਪਣੀਆਂ ਕਰਦੇ ਹੋਏ ਕੁੱਟਮਾਰ ਕੀਤੀ ਸੀ ਅਤੇ ਉਸ ਦੇ ਟਰੱਕ ਉੱਤੇ ‘ਵਾਪਸ ਆਪਣੇ ਮੁਲਕ ਜਾਓ’ ਲਿਖ ਦਿੱਤਾ ਸੀ। ਉਨ੍ਹਾਂ ਸਿੱਖ ਭਾਈਚਾਰੇ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮੱਲ੍ਹੀ ਦਾ ਡਟ ਕੇ ਸਾਥ ਦੇਣ ਅਤੇ ਉਸ ਦੀ ਹਰ ਪੱਖ ਤੋਂ ਸਹਾਇਤਾ ਕਰਨ। ਉਨ੍ਹਾਂ ਤੁਰਕੀ ਵਿੱਚ ਸਿੱਖ ਪਹਿਲਵਾਨ ਜਸ਼ਕੰਵਰ ਗਿੱਲ ਉਰਫ ਜੱਸਾ ਪੱਟੀ ਨੂੰ ਵਿਸ਼ਵ ਮੁਕਾਬਲੇ ਵਿੱਚ ਸਿਰ ਉੱਤੇ ਪਟਕਾ ਬੰਨ੍ਹ ਕੇ ਕੁਸ਼ਤੀ ਕਰਨ ਦੀ ਆਗਿਆ ਨਾ ਦਿੱਤੇ ਜਾਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਭਾਰਤੀ ਕੁਸ਼ਤੀ ਫੈਡਰੇਸ਼ਨ ਤੇ ਵਿਦੇਸ਼ ਮੰਤਰੀ ਨੂੰ ਇਹ ਮੁੱਦਾ ਤੁਰਕੀ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ।