ਲੁਧਿਆਣਾ, 2 ਜੁਲਾਈ
ਸੂਬੇ ਵਿੱਚ ਨਸ਼ਿਆਂ ਕਾਰਨ ਹਾਲ ਹੀ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਬਾਰੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਇਹ ਮੌਤਾਂ ਨਸ਼ੇ ਨਾਲ ਨਹੀਂ ਬਲਕਿ ਨਸ਼ੇ ਦੀ ਥੁੜ੍ਹ ਕਾਰਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੰਦਾਭਾਗਾ ਹੈ ਤੇ ਇਸ ਨੂੰ ਰੋਕਣ ਲਈ ਸਰਕਾਰ ਨਸ਼ਾ ਛੁਡਾਊ ਕੇਂਦਰਾਂ ’ਚ ਹਰ ਸੰਭਵ ਇੰਤਜ਼ਾਮ ਕਰੇਗੀ। ਸ੍ਰੀ ਜਾਖੜ ਅੱਜ ਇੱਥੇ ਸਨਅਤਕਾਰਾਂ ਤੇ ਸਰਾਫ਼ਾਂ ਨਾਲ ਇਕ ਬੈਠਕ ਕਰਨ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਨੂੰ ਕੈਪਟਨ ਸਰਕਾਰ ਨੇ ਹਰ ਪੱਧਰ ’ਤੇ ਨੱਥ ਪਾ ਲਈ ਹੈ। ਪਰ ਹੁਣ ਨਸ਼ਾ ਨਾ ਮਿਲਣ ਕਾਰਨ ਨੌਜਵਾਨ ਹੋਰ ਕਈ ਬਦਲਵੇਂ ਖ਼ਤਰਨਾਕ ਰਾਹ ਅਖ਼ਤਿਆਰ ਕਰ ਰਹੇ ਹਨ, ਜਿਸ ਕਾਰਨ ਇੱਕ ਦਮ ਸੂਬੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਨਸ਼ੇ ਨੂੰ ਨੱਥ ਪਾਉਣ ਲਈ ਵੀ ਸਰਕਾਰ ਨੇ ਤਿਆਰੀ ਵਿੱਢ ਦਿੱਤੀ ਹੈ।
ਇਸ ਤੋਂ ਇਲਾਵਾ ਅੱਜ ਜੀਐੱਸਟੀ ਦੀ ਪਹਿਲੀ ਵਰ੍ਹੇਗੰਢ ’ਤੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਟੈਕਸ ਪ੍ਰਣਾਲੀ ਖ਼ਾਮੀਆਂ ਭਰਪੂਰ ਹੈ ਤੇ ਕਾਂਗਰਸ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਇਸ ਦੀਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਟੈਕਸ ਪ੍ਰਣਾਲੀ ਨੇ ਵਪਾਰ ਅਤੇ ਆਮ ਲੋਕਾਂ ਦਾ ਬੇਹੱਦ ਨੁਕਸਾਨ ਕੀਤਾ ਹੈ ਤੇ ਫਾਇਦਾ ਘੱਟ ਹੋਇਆ ਹੈ। ਸ੍ਰੀ ਜਾਖੜ ਨੇ ਕਿਹਾ ਕੇਂਦਰੀ ਨੀਤੀਆਂ ਤੋਂ ਤੰਗ ਹੋ ਕੇ ਆਰਥਿਕ ਮਾਹਿਰ ਅਹੁਦੇ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਮੂਹ ਹਮਾਇਤੀ ਸੰਸਦ ਮੈਂਬਰਾਂ ਨਾਲ ਲੋਕ ਸਭਾ ਵਿੱਚ ਵਪਾਰਕ ਹਲਕਿਆਂ ਦੀ ਮਾੜੀ ਹਾਲਤ ਦਾ ਮੁੱਦਾ ਚੁੱਕੇਗੀ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਮੇਅਰ ਬਲਕਾਰ ਸਿੰਘ ਸੰਧੂ, ਗੁਰਪ੍ਰੀਤ ਗੋਗੀ, ਕੇ.ਕੇ. ਬਾਵਾ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਵੀ ਮੌਜੂਦ ਸਨ।