ਚੰਡੀਗੜ•, 13 ਜੁਲਾਈ
ਕਿਸਾਨਾਂ ਤੋਂ ਨੌਜਵਾਨਾਂ ਤੱਕ ਸਭ ਨੂੰ ਤੰਦਰੁਸਤ ਪੰਜਾਬ ਮਿਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਕਿਸਾਨਾਂ ਦਾ ਮਾਰਗ ਦਰਸ਼ਨ ਕਰਨ ਦੇ ਮੌਜੂਦਾ ਕਦਮਾਂ ਦੇ ਨਾਲ ਨਾਲ ਨਸ਼ਿਆਂ ਵਿਰੋਧੀ ਅਤੇ ਨਸ਼ਾ ਛੁਡਾਊ ਮੁਹਿੰਮ ਉਤੇ ਨਜ਼ਰ ਰੱਖਣ ਨੂੰ ਤੰਦਰੁਸਤ ਪੰਜਾਬ ਮਿਸ਼ਨ ਦਾ ਅਨਿੱਖੜ ਅੰਗ ਬਣਾਉਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਭਾਵੇਂ ਇਸ ਕੰਮ ਲਈ ਢੁਕਵਾਂ ਢਾਂਚਾ ਮੌਜੂਦ ਹੈ ਪਰ ਅੰਤਰ ਵਿਭਾਗੀ ਤਾਲਮੇਲ ਦੀ ਲੋੜ ਹੈ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।
‘ਤੰਦਰੁਸਤ ਪੰਜਾਬ ਮਿਸ਼ਨ’ ਦੀ ਪ੍ਰਗਤੀ ਦੀ ਸਮੀਖਿਆ ਅਤੇ ਇਸ ਮਿਸ਼ਨ ਬਾਰੇ ਅਗਲੀ ਕਾਰਵਾਈ ਬਾਰੇ ਸਬੰਧਤ ਵਿਭਾਗਾਂ ਦੇ ਸਕੱਤਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਹਰਿਆਲੀ ਵਧਾਉਣ ਲਈ ਇਹ ਲਾਜ਼ਮੀ ਹੈ ਕਿ ਸੂਬੇ ਵਿੱਚ ਅਗਾਂਹ ਤੋਂ ਸੜਕਾਂ, ਸ਼ਾਹਰਾਹਾਂ ਤੇ ਇਮਾਰਤਾਂ ਵਰਗੇ ਹਰੇਕ ਤਰ•ਾਂ ਦੇ ਨਿਰਮਾਣ ਕਾਰਜਾਂ ਨਾਲ ਹਰਿਆਲੀ ਦਾ ਤੱਤ ਵੀ ਲਾਜ਼ਮੀ ਜੋੜਿਆ ਜਾਵੇ। ਉਨ•ਾਂ ਸੁਝਾਅ ਦਿੱਤਾ ਕਿ ਇਸ ਸਬੰਧੀ ਦਿਸ਼ਾ-ਨਿਰਦੇਸ਼ ਘੜੇ ਜਾਣ ਅਤੇ ਹਰੇਕ ਨਿਰਮਾਣ ਵਿੱਚ ‘ਗਰੀਨ ਬਜਟ’ ਸ਼ਾਮਲ ਹੋਣਾ ਯਕੀਨੀ ਹੋਵੇ। ਪੌਦੇ ਲਾਉਣ ਦੇ ਮੌਜੂਦਾ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਉਨ•ਾਂ ਸੁਝਾਅ ਦਿੱਤਾ ਕਿ ਮੁਕਤਸਰ, ਬੁਢਲਾਡਾ ਤੇ ਭੀਖੀ (ਮਾਨਸਾ) ਵਰਗੇ ਮੁਕਾਬਲਤਨ ਘੱਟ ਹਰਿਆਲੀ ਵਾਲੇ ਇਲਾਕਿਆਂ ਵਿੱਚ ਪੌਦੇ ਲਾਉਣ ਉਤੇ ਧਿਆਨ ਕੇਂਦਰਤ ਕੀਤਾ ਜਾਵੇ।
ਬਾਜ਼ਾਰਾਂ ਵਿੱਚੋਂ ਭੀੜ-ਭੜੱਕਾ ਘਟਾਉਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਸ੍ਰੀ ਸੁਰੇਸ਼ ਕੁਮਾਰ ਨੇ ‘ਚੰਗਾ ਬਾਜ਼ਾਰ, ਚੰਗਾ ਵਪਾਰ’ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ, ਜਿਸ ਵਿੱਚ ਦੁਕਾਨਦਾਰਾਂ ਨੂੰ ਦੁਕਾਨਾਂ ਤੋਂ ਅੱਗੇ ਕਬਜ਼ੇ ਨਾ ਕਰਨ ਅਤੇ ਸੜਕਾਂ ਖ਼ਾਲੀ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਉਨ•ਾਂ ਨੂੰ ਇਸ ਗੱਲ ਲਈ ਵੀ ਮਨਾਇਆ ਜਾਵੇਗਾ ਕਿ ਉਹ ਬਾਜ਼ਾਰਾਂ ਨੂੰ ਸਾਫ਼ ਰੱਖਣ ਤੇ ਭੀੜ-ਭੜੱਕਾ ਘਟਾਉਣ ਤਾਂ ਕਿ ਖ਼ਰੀਦਦਾਰ ਖ਼ੁਦ-ਬਖ਼ੁਦ ਉਨ•ਾਂ ਦੀਆਂ ਦੁਕਾਨਾਂ ਵੱਲ ਖਿੱਚੇ ਆਉਣ।
ਜ਼ਮੀਨ ਹੇਠਲੇ ਪਾਣੀ ਦੀ ਬੇਕਿਰਕੀ ਨਾਲ ਵਰਤੋਂ ਨੂੰ ਰੋਕਣ ਉਤੇ ਨਜ਼ਰ ਰੱਖਣ ਲਈ ਮੁੱਖ ਪ੍ਰਮੁੱਖ ਸਕੱਤਰ ਨੇ ਇਸ ਉਤੇ ਸਖ਼ਤੀ ਨਾਲ ਨਜ਼ਰ ਰੱਖਣ ਦਾ ਸੁਝਾਅ ਦਿੱਤਾ। ਉਨ•ਾਂ ਸਪੱਸ਼ਟ ਕੀਤਾ ਕਿ ਹਰੇਕ ਲਈ ਸਾਫ਼ ਪੀਣਯੋਗ ਪਾਣੀ ਯਕੀਨੀ ਬਣਾਉਣ ਲਈ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਵਾਉਣਾ ਲਾਜ਼ਮੀ ਹੈ ਅਤੇ ਪਾਣੀ ਦੀ ਸਰਕਾਰੀ ਸਪਲਾਈ ਦੀ ਵੀ ਬਾਕਾਇਦਾ ਜਾਂਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ•ਾਂ ਬੋਰਾਂ ਤੋਂ ਕੱਢੇ ਜਾ ਰਹੇ ਪਾਣੀ ਦੀ ਗੁਣਵੱਤਾ ਦੀ ਜਾਂਚ ਉਤੇ ਨਜ਼ਰ ਰੱਖਣ ਦੇ ਨਾਲ ਨਾਲ ਪਾਣੀ ਦੀ ਸਪਲਾਈ ਦੇ ਮੀਟਰ ਲਾਉਣ ਅਤੇ ਬਰਾਬਰ ਦਰਾਂ ਦੀ ਥਾਂ ਖਪਤ ਦੇ ਹਿਸਾਬ ਨਾਲ ਬਿੱਲ ਲੈਣ ਦਾ ਸੁਝਾਅ ਦਿੱਤਾ।
ਉਨ•ਾਂ ਅੱਗੇ ਦੱਸਿਆ ਕਿ ਮਾਹਿਰਾਂ ਦੀ ਤਕਨੀਕੀ ਸਹਾਇਕ ਟੀਮ ਮੁਹੱਈਆ ਕਰ ਕੇ ‘ਤੰਦਰੁਸਤ ਪੰਜਾਬ ਮਿਸ਼ਨ’ ਨੂੰ ਮਜ਼ਬੂਤ ਕੀਤਾ ਜਾਵੇਗਾ। ਇਹ ਟੀਮ ਇਸ ਜਾਗਰੂਕਤਾ ਮੁਹਿੰਮ ਵਿੱਚ ਆਪਣੇ ਤਕਨੀਕੀ ਸੁਝਾਵਾਂ ਨਾਲ ਸਹਿਯੋਗ ਦੇਵੇਗੀ। ਇਨ•ਾਂ ਟੀਮਾਂ ਨੂੰ ਸ਼ਾਮਲ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਯੋਜਨਾ ਹੈ।
ਸ੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਵਿੱਚ ਜਾਗਰੂਕਤਾ ਲਈ ਜੰਗਲਾਤ ਵਿਭਾਗ ਇਕ ਕਰੋੜ ਰੁਪਏ ਦਾ ਯੋਗਦਾਨ ਪਾਏਗਾ। ਉਨ•ਾਂ ਕਿਹਾ ਕਿ ‘ਮਿਸ਼ਨ ਡਾਇਰੈਕਟੋਰੇਟ’ ਕਾਇਮ ਕਰਨ ਬਾਰੇ ਤਜਵੀਜ਼ ਜਲਦੀ ਦੀ ਪ੍ਰਵਾਨਗੀ ਲਈ ਕੈਬਨਿਟ ਅੱਗੇ ਰੱਖੀ ਜਾਵੇਗੀ।