ਚੰਡੀਗੜ੍ਹ/11 ਸਤੰਬਰ/ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੀਜੀਆਈ ਦੇ ਤਾਜ਼ਾ ਸਰਵੇ ਨੇ ਪੰਜਾਬ ਅੰਦਰ ਨਸ਼ਾਖੋਰੀ ਦੀ ਦਰ 1 ਫੀਸਦ ਤੋਂ ਵੀ ਘੱਟ ਦਿਖਾ ਕੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਝੂਠ ਨੂੰ ਨੰਗਾ ਕਰ ਦਿੱਤਾ ਹੈ। ਇਸ ਸਰਵੇ ਨੇ ਉਹਨਾਂ ਪੰਜਾਬ ਵਿਰੋਧੀ ਤਾਕਤਾਂ ਦੀ ਵੀ ਪੋਲ੍ਹ ਖੋਲ੍ਹ ਦਿੱਤੀ ਹੈ, ਜਿਹਨਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਿਰ ਪੰਜਾਬ ਅਤੇ ਇੱਥੋਂ ਦੇ ਲੋਕਾਂ ਨੂੰ ਬਦਨਾਮ ਕੀਤਾ ਸੀ।

ਇੱਥੇ ਸਖਤ ਸ਼ਬਦਾਂ ਵਿਚ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਅੰਦਰ ਪੈਂਦੇ 22 ਪਿੰਡਾਂ ਵਿਚ ਕੀਤੇ ਗਏ ਇਸ ਸਰਵੇਖਣ ਨੇ ਰਾਹੁਲ ਗਾਂਧੀ ਅਤੇ ਉਸ ਦੀ ਟੀਮ  ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਪੰਜਾਬ-ਵਿਰੋਧੀ ਸਾਜ਼ਿਸ਼ ਨੂੰ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਆਗੂਆਂ ਅਤੇ ਇਹਨਾਂ ਦੀਆਂ ਪਾਰਟੀਆਂ ਦੁਆਰਾ ਹੁਣ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਕਿਉਂ ਬਦਨਾਮ ਕੀਤਾ? ਆਪਣੇ ਇਸ ਬੱਜਰ ਗੁਨਾਹ ਲਈ ਇਹਨਾਂ ਦੋਵੇਂ ਆਗੂਆਂ ਨੂੰ ਪੰਜਾਬ ਦੇ ਲੋਕਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।

ਇਹ ਆਖਦਿਆਂ ਕਿ ਇਹ ਸਾਰੀ ਸਾਜ਼ਿਸ਼ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਫਿੱਕੇ ਪਾਉਣ ਲਈ ਰਚੀ ਗਈ ਸੀ, ਉਹਨਾਂ ਕਿਹਾ ਕਿ ਬੇਸ਼ੱਕ ਕਾਂਗਰਸ ਪੰਜਾਬ ਅੰਦਰ ਸੱਤਾ ਹਾਸਿਲ ਕਰਨ ਦੇ ਮਕਸਦ ਵਿਚ ਕਾਮਯਾਬ ਹੋ ਗਈ, ਪਰ ਇਸ ਨੇ ਪੰਜਾਬ ਦੇ ਲੋਕਾਂ ਅਤੇ ਸੂਬੇ ਦੀ ਆਰਥਿਕਤਾ ਨੂੰ ਬੇਅੰਤ ਨੁਕਸਾਨ ਪਹੁੰਚਾਇਆ ਹੈ। ਕਾਂਗਰਸ ਅਤੇ ਆਪ ਦੋਵੇਂ ਹੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡੀਆਂ ਹਨ ਅਤੇ ਉਹਨਾਂ ਦੀ ਅਜਿਹੀ ਮਾੜੀ ਤਸਵੀਰ ਖਿੱਚ ਦਿੱਤੀ ਕਿ ਕੋਈ ਵੀ ਉਹਨਾਂ ਨੂੰ ਨੌਕਰੀ ਨਾ ਦੇਵੇ।  ਇਸ ਕਿਰਦਾਰਕੁਸ਼ੀ ਨੇ ਪੂਰੀ ਦੁਨੀਆਂ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੁੰ ਢਾਹ ਲਾਈ ਹੈ।

ਪੰਜਾਬ ਦੀ ਸਿਆਸਤ ਦੇ ਇਸ ਘਿਨੌਣੇ ਅਧਿਆਇ ਅੰਦਰ ਰਾਹੁਲ ਗਾਂਧੀ ਦੀ ਨਾਪਾਕ ਭੂਮਿਕਾ ਬਾਰੇ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਿਨਾਂ ਸ਼ੱਕ ਰਾਹੁਲ  ਸਭ ਤੋਂ ਵੱਡਾ ਖਲਨਾਇਕ ਸਾਬਿਤ ਹੋਇਆ ਹੈ। ਰਾਹੁਲ ਨੇ ਅਕਤੂਬਰ 2012 ਵਿਚ ਚੰਡੀਗੜ੍ਹ ਵਿਖੇ ਐਨਐਸਯੂਆਈ ਦੇ ਸਮਾਗਮ ਵਿਚ ਸਿਆਸੀ ਫਾਇਦਾ ਲੈਣ ਇੱਕ ਚਿੱਟਾ ਝੂਠ ਬੋਲਦਿਆਂ ਦਾਅਵਾ ਕੀਤਾ ਸੀ ਕਿ ਸੂਬੇ ਦੇ 70 ਫੀਸਦੀ ਨੌਜਵਾਨ ਨਸ਼ਾਖੋਰੀ ਦਾ ਸ਼ਿਕਾਰ ਹਨ। ਉਹਨਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਨਸ਼ੇੜੀਆਂ ਦੇ ਸਰਵੇ ਦਾ ਇੱਕ ਨਮੂਨਾ ਪੜ੍ਹਕੇ ਸੁਣਾ ਰਿਹਾ ਸੀ, ਜਿਸ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਹੁਲ ਇਸ ਕਿਰਦਾਰਕੁਸ਼ੀ ਤਕ ਹੀ ਨਹੀਂ ਰੁਕਿਆ। ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਸ ਨੇ ਅੜੀ ਫੜ ਲਈ ਕਿ ਉਹ ਸੱਚ ਬੋਲ ਰਿਹਾ ਸੀ ਅਤੇ ਪੰਜਾਬੀਆਂ ਨੂੰ ਆਖਣ ਲੱਗਿਆ ਕਿ ਉਹ ਸਵੀਕਾਰ ਕਰਨ ਕਿ ਉਹ ਨਸ਼ੇੜੀ ਹਨ। ਗਾਂਧੀ ਪਰਿਵਾਰ ਦੇ ਵੰਸ਼ਜ਼ ਵੱਲੋਂ ਅਜਿਹਾ ਵਿਵਹਾਰ ਕਰਨਾ ਸ਼ਰਮਨਾਕ ਹੈ।

ਆਪ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਬਾਹਰਲੇ ਟੋਲੇ ਨੇ ਇਹ ਦਾਅਵਾ ਕਰਕੇ ਪੰਜਾਬੀ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਸੀ ਕਿ ਇੱਥੇ 40 ਲੱਖ ਨੌਜਵਾਨ ਨਸ਼ੇੜੀ ਹਨ। ਉਹਨਾਂ ਕਿਹਾ ਕਿ ਪੀਜੀਆਈ ਦੀ ਰਿਪੋਰਟ ਨੇ ਪੂਰੇ ਸੂਬੇ ਅੰਦਰ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਸਿਰਫ 2.7 ਲੱਖ ਦੱਸੀ ਹੈ। ਏਮਜ਼ ਸਮੇਤ ਬਾਕੀ ਰਿਪੋਰਟਾਂ ਵਿਚ ਇਹ ਗਿਣਤੀ ਇਸ ਨਾਲੋਂ ਵੀ ਘੱਟ ਦੱਸੀ ਗਈ ਸੀ।

ਕਾਂਗਰਸ ਅਤੇ ਆਪ ਨੂੰ ਇਹ ਘਿਨੌਣੀ ਮਾਣਹਾਨੀ ਵਾਲੀ ਮੁਹਿੰਮ ਤੁਰੰਤ ਬੰਦ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਵਾਰ ਵਾਰ ਆ ਰਹੀਆਂ ਰਿਪੋਰਟਾਂ ਅਤੇ ਸਰਵੇਖਣਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਹਨਾਂ ਨੇ ਉਹਨਾਂ ਦੇ ਝੂਠਾਂ ਨੂੰ ਨੰਗਾ ਕਰ ਦਿੱਤਾ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਇਹਨਾਂ ਪਾਰਟੀਆਂ ਦਾ ਉਦੇਸ਼ ਧੋਖੇ ਅਤੇ ਫਰੇਬ ਨਾਲ  ਵੋਟਾਂ ਲੈਣਾ ਸੀ। ਉਹਨਾਂ ਕਿਹਾ ਕਿ ਦਿੱਲੀ ਦੇ ਏਮਜ਼ ਦੁਆਰਾ ਕੀਤੇ ਇੱਕ ਵੱਡੇ ਸਰਵੇ ਵਿਚ ਨਸ਼ਾਖੋਰੀ ਦੀ ਦਰ 0ਥ84 ਫੀਸਦ ਵਿਖਾਈ ਗਈ ਸੀ। ਪੰਜਾਬ ਸਰਕਾਰ ਨੇ ਪੁਲਿਸ ਭਰਤੀ ਲਈ ਪੇਸ਼ ਹੋਏ 3.76 ਲੱਖ ਨੌਜਵਾਨਾਂ ਦਾ ਡੋਪ ਟੈਸਟ ਕਰਵਾਇਆ ਸੀ। ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਵੱਲੋਂ ਕਰਵਾਏ ਇਸ ਟੈਸਟ ਵਿਚ ਸਿਰਫ 1.27 ਉਮੀਦਵਾਰਾਂ ਨੂੰ ਪਾਜੇਥਟਿਵ ਪਾਇਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਫੌਜ ਦੀ ਭਰਤੀ ਲਈ ਪੇਸ਼ ਹੁੰਦੇ ਨੌਜਵਾਨਾਂ ਦੇ ਡਰੱਗ ਟੈਸਟ ਰੂਟੀਨ ਵਿਚ ਹੁੰਦੇ ਰਹੇ ਹਨ ਅਤੇ ਉਹਨਾਂ ਟੈਸਟਾਂ ਵਿਚ ਪੰਜਾਬ ਦੇ ਨੌਜਵਾਨਾਂ ਅੰਦਰ ਨਸ਼ਿਆਂ ਦੀ ਮਾਤਰਾ ਨਾ-ਮਾਤਰ ਹੀ ਪਾਈ ਗਈ ਸੀ। ਉਹਨਾਂ ਕਿਹਾ ਕਿ ਫੌਜ ਦੇ ਉੱਚ ਕੋਟੀ ਦੇ ਅਫਸਰਾਂ ਨੇ ਇਹ ਬਿਆਨ ਦਿੱਤਾ ਸੀ ਕਿ ਇਸ ਮੁੱਦੇ ਨੂੰ ਲੋੜੋਂ ਬਹੁਤਾ ਉਛਾਲਿਆ ਜਾ ਰਿਹਾ ਸੀ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਸਰਕਾਰ ਨੰ ਕਿਹਾ ਕਿ ਉਹ ਸਰਦਾਰ ਪਰਕਾਸ਼ ਸਿੰਘ ਬਾਦਲ ਸਰਕਾਰ ਦੁਆਰਾ ਸ਼ੁਰੂ ਕੀਤੇ ‘ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮਾਂ’ ਨੂੰ ਉਸੇ ਸ਼ਿੱਦਤ ਨਾਲ ਜਾਰੀ ਰੱਖਣ ਤਾਂ ਕਿ ਨਸ਼ਾਖੋਰੀ ਦੀਆਂ ਘਟਨਾਵਾਂ ਨੂੰ ਹੋਰ ਥੱਲੇ ਲਿਆਂਦਾ ਜਾ ਸਕੇ।