ਸਿਰਸਾ, 9 ਮਈ
ਪੰਜਾਬ ਦੀ ਅੰਮ੍ਰਿਤਸਰ ਪੁਲੀਸ, ਐੱਨਆਈਏ ਤੇ ਹਰਿਆਣਾ ਪੁਲੀਸ ਦੀ ਸਾਂਝੀ ਟੀਮ ਨੇ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਸਿਰਸਾ ਦੇ ਪਿੰਡ ਬੇਗੂ ਤੋਂ ਗ੍ਰਿਫ਼ਤਾਰ ਕੀਤਾ ਹੈ। ਰਣਜੀਤ ਤੇ ਉਸ ਦੇ ਭਰਾ ਨੂੰ ਸਿਰਸਾ ਵਿੱਚ ਪਨਾਹ ਦੇਣ ਵਾਲੇ ਪਿੰਡ ਵੈਦਵਾਲਾ ਦੇ ਗੁਰਮੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਰਣਜੀਤ ਉਸ ਚੀਤਾ ਦੇ ਹਿਜ਼ਬੁਲ ਮੁਜ਼ਾਹਦੀਨ ਨਾਲ ਸਬੰਧ ਹੋਣ ਦਾ ਪੁਲੀਸ ਵੱਲੋਂ ਦਾਆਵਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਪੁਲੀਸ ਤੇ ਐੱਨਆਈਏ ਦੀ ਟੀਮ ਨੂੰ ਰਣਜੀਤ ਸਿੰਘ ਉਰਫ ਚੀਤਾ ਦੇ ਸਿਰਸਾ ਵਿੱਚ ਲੁਕੇ ਹੋਣ ਦੀ ਸੂਹ ਮਿਲੀ, ਜਿਸ ਮਗਰੋਂ ਪੁਲੀਸ ਨੇ ਸਿਰਸਾ ਦੇ ਪੁਲੀਸ ਨੇ ਸੰਪਰਕ ਕੀਤਾ ਤੇ ਅੱਜ ਤੜਕੇ ਵੱਖ-ਵੱਖ ਥਾਵਾਂ ’ਤੇ ਛਾਪਿਆਂ ਦੌਰਾਨ ਰਣਜੀਤ ਸਿੰਘ, ਉਸ ਦੇ ਭਰਾ ਗਗਨ ਅਤੇ ਪਿੰਡ ਵੈਦਵਾਲਾ ਦੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਰਸਾ ਦੇ ਐੱਸਪੀ ਡਾ. ਅਰੁਣ ਕੁਮਾਰ ਨੇ ਦੱਸਿਆ ਹੈ ਕਿ ਪੰਜਾਬ ਪੁਲੀਸ ਤੇ ਐੱਨਆਈਏ ਦੀ ਟੀਮ ਨੂੰ ਚਿੱਟੇ ਦੀ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਮਨਿੰਦਰ ਤੇ ਵਿਕਰਮ ਤੋਂ ਸੂਹ ਮਿਲੀ ਸੀ ਕਿ ਰਣਜੀਤ ਸਿੰਘ ਤੇ ਉਸ ਦਾ ਭਰਾ ਗਗਨ ਸਿਰਸਾ ਵਿੱਚ ਲੁਕੇ ਹੋਏ ਹਨ, ਜਿਸ ਮਗਰੋਂ ਸਿਰਸਾ ਦੀ ਪੁਲੀਸ ਦੇ ਸਹਿਯੋਗ ਨਾਲ ਸਿਰਸਾ ਦੇ ਬੇਗੂ ਰੋਡ ’ਤੇ ਪੁਲੀਸ ਦੀਆਂ ਟੀਮਾਂ ਨੇ ਛਾਪੇ ਦੌਰਾਨ ਜਿਥੋਂ ਰਣਜੀਤ ਸਿੰਘ ਤੇ ਗਗਨ ਨੂੰ ਕਾਬੂ ਕੀਤਾ ਗਿਆ, ਜਦੋਂਕਿ ਰਣਜੀਤ ਸਿੰਘ ਦੇ ਇਕ ਰਿਸ਼ਤੇਦਾਰ ਗੁਰਮੀਤ ਸਿੰਘ ਨੂੰ ਪਿੰਡ ਵੈਦਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਪੀ ਨੇ ਦੱਸਿਆ ਹੈ ਕਿ ਰਣਜੀਤ ਸਿੰਘ ਅੱਠ ਮਹੀਨਿਆਂ ਤੋਂ ਸਿਰਸਾ ਵਿੱਚ ਰਹਿ ਰਿਹਾ ਸੀ। ਗੁਰਮੀਤ ਸਿੰਘ ਦੀ ਆਈਡੀ ’ਤੇ ਮਕਾਨ ਕਿਰਾਏ ’ਤੇ ਲਿਆ ਗਿਆ, ਜਿਥੇ ਉਹ ਆਪਣੇ ਪਿਤਾ ਤੇ ਭਰਾ ਨਾਲ ਰਹਿ ਰਿਹਾ ਸੀ। ਰਣਜੀਤ ਉੱਤੇ ਕਈ ਅਪਰਾਧਿਕ ਮਾਮਲੇ ਹਨ ਅਤੇ ਇਹ ਪੰਜਾਬ ਪੁਲੀਸ ਨੂੰ ਲੋੜੀਂਦਾ ਸੀ। ਰਣਜੀਤ ਸਿੰਘ ਦੇ ਹਿਜ਼ਬੁਲ ਮੁਜ਼ਾਹਦੀਨ ਨਾਲ ਵੀ ਸੰਬਧ ਹਨ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ, ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।