ਅੰਮ੍ਰਿਤਸਰ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਬੀਤੀ ਦੇਰ ਰਾਤ ਅਤੇ ਤੜਕੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ। ਗੁਰੂ ਘਰ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਹਿਣ ਵਾਲਿਆਂ ਵਿੱਚ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦਾ ਪਰਿਵਾਰ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਕਈ ਸਿਆਸੀ ਆਗੂ ਸ਼ਾਮਲ ਸਨ।
ਨਵੇਂ ਵਰ੍ਹੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਵੱਡੀ ਆਮਦ ਬੀਤੀ ਰਾਤ ਤੋਂ ਹੀ ਸ਼ੁਰੂ ਹੋ ਗਈ ਸੀ। ਸ਼ਰਧਾਲੂਆਂ ਦੀ ਵੱਡੀ ਆਮਦ ਕਾਰਨ ਹੀ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਅਤੇ ਨੇੜਲੇ ਹੋਟਲ ਬੁੱਕ ਸਨ। ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੱਚਖੰਡ ਦੀ ਸੇਵਾ ਕਾਰਨ ਭਾਵੇਂ ਕਿਵਾੜ ਬੰਦ ਸਨ, ਪਰ ਵੱਡੀ ਗਿਣਤੀ ਵਿੱਚ ਸੰਗਤ ਪਰਿਕਰਮਾ ਵਿੱਚ ਹਾਜ਼ਰ ਸੀ। ਠੰਢ ਅਤੇ ਰਾਤ ਹੋਣ ਦੇ ਬਾਵਜੂਦ ਰਾਤ 12 ਵਜੇ ਤੋਂ ਬਾਅਦ ਸੰਗਤ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ  ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ।
ਸੰਗਤ ਦੀ ਭਾਰੀ ਆਮਦ ਦਾ ਇਹ ਸਿਲਸਿਲਾ ਅੱਜ ਸਾਰਾ ਦਿਨ ਜਾਰੀ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸੰਗਤ ਦੀ ਆਮਦ ਦੋ ਲੱਖ ਤੋਂ ਵੱਧ ਸੀ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਲਿਆਂ ਵਿੱਚ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਆਗੂ ਰਵੀਕਰਨ ਸਿੰਘ ਕਾਹਲੋਂ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਅਕਾਲੀ ਆਗੂ ਵੀ ਸ਼ਾਮਲ ਸਨ। ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸੀ ਕੌਂਸਲਰ ਰਾਜਕੰਵਲਪ੍ਰੀਤਪਾਲ ਸਿੰਘ ਲੱਕੀ ਤੇ ਹੋਰਾਂ ਨੇ ਵੀ ਮੱਥਾ ਟੇਕਿਆ।

ਸੁਖਬੀਰ ਬਾਦਲ ਵੀ ਪਰਿਵਾਰ ਸਮੇਤ ਹੋਏ ਨਤਮਸਤਕ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੇ ਵੀ ਰਾਤ ਲਗਪਗ ਢਾਈ ਵਜੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਪਰਿਕਰਮਾ ਕੀਤੀ ਤੇ ਸੱਚਖੰਡ ਦੇ ਕਿਵਾੜ ਬੰਦ ਹੋਣ ਕਾਰਨ ਬਾਹਰੋਂ ਹੀ ਮੱਥਾ ਟੇਕਿਆ। ਇਸ ਮੌਕੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਪੰਜਾਬ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਨਵਾਂ ਵਰ੍ਹਾ ਸਮੁੱਚੇ ਸੂਬੇ ਤੇ ਦੇਸ਼ ਸਮੇਤ ਵਿਸ਼ਵ ਲਈ ਸੁੱਖ ਸ਼ਾਂਤੀ ਲੈ ਕੇ ਆਵੇ।