ਸੂਬੇ ਦੀ ਸੁਰੱਖਿਆ ਤੇ ਸ਼ਾਂਤੀ ਹਰ ਹਾਲ ਵਿੱਚ ਬਰਕਰਾਰ ਰੱਖਣ ਦਾ ਭਰੋਸਾ
ਚੰਡੀਗੜ, 8 ਫਰਵਰੀ
ਪੰਜਾਬ ਦੇ ਨਵੇਂ ਪੁਲੀਸ ਮੁਖੀ ਦਿਨਕਰ ਗੁਪਤਾ ਨੇ ਅੱਜ ਸਰਕਾਰ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਉਣ ਲਈ ਉਹ ਹਰ ਸੰਭਵ ਕਦਮ ਚੁੱਕਣਗੇ।
ਡੀ.ਜੀ.ਪੀ. ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਕੋਲ ਰਸਮੀ ਤੌਰ ’ਤੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਆਪਣੇ ਪੂਰਵ ਅਧਿਕਾਰੀ ਸੁਰੇਸ਼ ਅਰੋੜਾ ਵੱਲੋਂ ਪੇਸ਼ੇਵਰ ਤੌਰ ’ਤੇ ਤੈਅ ਕੀਤੇ ਉਚ ਮਿਆਰ ਨੂੰ ਕਾਇਮ ਰੱਖਣਗੇ ਅਤੇ ਸਾਰਿਆਂ ਲਈ ਨਿਰਪੱਖ ਪੁਲੀਸ ਪ੍ਰਬੰਧ ਯਕੀਨੀ ਬਣਾਉਣਗੇ।
ਇਸ ਮੌਕੇ ਮੰਤਰੀ ਮੰਡਲ ਨੇ ਸਾਬਕਾ ਡੀ.ਜੀ.ਪੀ. ਸੁਰੇਸ਼ ਅਰੋੜਾ ਦੀ ਸ਼ਲਾਘਾ ਕੀਤੀ ਜਿਨਾਂ ਦੀ ਅਗਵਾਈ ਵਿੱਚ ਪੁਲੀਸ ਫੋਰਸ ਨੇ ਅਪਰਾਧ ਨੂੰ ਕੰਟਰੋਲ ਕਰਨ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਸਮੇਤ ਵੱਡੀ ਮੱਲਾਂ ਮਾਰੀਆਂ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਸੂਬੇ ਦੀ ਪੁਲੀਸ ਫੋਰਸ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਵਿੱਚ ਸ਼ਾਨਦਾਰ ਢੰਗ ਕੰਮ ਕਰ ਰਹੀ ਹੈ ਪਰ ਉਚ ਮਿਆਰੀ ਉਤਪਾਦਕਤਾ ਮੁਤਾਬਕ ਹੋਰ ਪ੍ਰਭਾਵੀ ਬਣਾਉਣ ਦੀ ਲੋੜ ਹੈ।
ਸ੍ਰੀ ਦਿਨਕਰ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਫੋਰਸ ਦੇ ਫੰਡਾਂ ਦੀ ਉਤਪਾਦਕ ਵਰਤੋਂ ਦੇ ਢੰਗ ਤਰੀਕੇ ਲੱਭਣ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣਗੇ ਕਿ ਪੁਲੀਸ ਮੁਲਾਜ਼ਮਾਂ ਦੀ ਡਿੳੂਟੀ ਸਬੰਧੀ ਕਿਸੇ ਤਰਾਂ ਦਾ ਸਮਝੌਤਾ ਨਾ ਹੋਵੇ।
ਮੰਤਰੀ ਮੰਡਲ ਨੇ ਪੁਲੀਸ ਫੋਰਸ ਨੂੰ ਮੌਜੂਦਾ ਸੰਦਰਭ ਵਿੱਚ ਸੂਬੇ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਨਾਲ ਸਿੱਝਣ ਲਈ ਆਪਣੀਆਂ ਸਮਰਥਾਵਾਂ ਮਜ਼ਬੂਤ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਹੈ।