ਜਲੰਧਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅਚਨਚੇਤੀ ਬਿਲਡਿੰਗ ਉਸਾਰੀ ਵਿੱਚ ਹੁੰਦੀਆਂ ਬੇਨਿਯਮੀਆਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅੱਠ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਮੁਅੱਤਲ ਕੀਤੇ ਅਧਿਕਾਰੀਆਂ ਵਿੱਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸਿਪਲ ਟਾਊਨ ਪਲਾਨਰ ਮੋਨਿਕਾ ਆਨੰਦ ਤੇ ਮੇਹਰਬਾਨ ਸਿੰਘ, ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ, ਬਲਵਿੰਦਰ, ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ ਤੇ ਅਜੀਤ ਸ਼ਰਮਾ ਸ਼ਾਮਲ ਹਨ। ਸ੍ਰੀ ਸਿੱਧੂ ਨੇ ਸਵੇਰੇ ਕਰੀਬ 10 ਵਜੇ ਤੋਂ ਅਚਨਚੇਤੀ ਜਾਂਚ ਸ਼ੁਰੂ ਕੀਤੀ ਤੇ ਉਹ ਦੁਪਹਿਰ ਨੂੰ ਵੀ ਨਹੀਂ ਰੁਕੇ।

ਉਨ੍ਹਾਂ ਦੱਸਿਆ ਕਿ 10 ਅਧਿਕਾਰੀਆਂ ਨੂੰ ਚਾਰਜ਼ਸੀਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿੱਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸਿਪਲ ਟਾਊਨ ਪਲਾਨਰ ਮੋਨਿਕਾ ਆਨੰਦ ਤੇ ਮੇਹਰਬਾਨ ਸਿੰਘ, ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ, ਬਲਵਿੰਦਰ, ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ, ਅਰੁਣ ਖੰਨਾ, ਰਜਿੰਦਰ ਸ਼ਰਮਾ ਤੇ ਅਜੀਤ ਸ਼ਰਮਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਇਨਾਂ ਅਧਿਕਾਰੀਆਂ ਵਿਰੁੱਧ ਮਿਊਂਸਿਪਲ ਐਕਟ ਦੀ ਧਾਰਾ 298 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ.ਦਰਜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਮਿਊਂਸਿਪਲ ਐਕਟ ਦੀ ਧਾਰਾ 8 ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਚਾਰਜ਼ਸੀਟ ਜਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਵੀ ਵਿਵਸਥਾ ਹੈ। ਸ੍ਰੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਬਣਾਈਆਂ ਵੱਡੀਆਂ ਜਾਇਦਾਦਾਂ ਦੀ ਵੀ ਜਾਂਚ ਕਰਵਾਈ ਜਾਵੇਗੀ।
ਸ਼ਾਮ ਨੂੰ ਜਿਥੇ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ, ਉਥੇ 15-20 ਏਕੜ ’ਚ ਅਜਿਹੀ ਕਲੋਨੀ ਉਸਾਰੀ ਜਾ ਰਹੀ ਸੀ ਜਿਸ ਦੀ ਕੋਈ ਅਗਾਊਂ ਮਨਜ਼ੂਰੀ ਨਹੀਂ ਸੀ ਲਈ ਗਈ।