ਤਲਵੰਡੀ ਸਾਬੋ,
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ ਉਨ੍ਹਾਂ ਪਾਕਿਸਤਾਨ ਫੇਰੀ ਦੌਰਾਨ ਫੌਜੀ ਜਰਨੈਲ ਨੂੰ ਜੱਫੀ ਪਾ ਕੇ ਕੁਝ ਵੀ ਗਲਤ ਨਹੀਂ ਕੀਤਾ।
ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਘਰ ਪਿੰਡ ਜਗਾ ਰਾਮ ਤੀਰਥ ਪਹੁੰਚੇ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਪਾਕਿਸਤਾਨੀ ਫੌਜੀ ਜਰਨੈਲ ਦੇ ਕਹੇ ਅਨੁਸਾਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਾਲਾ ਲਾਂਘਾ ਖੁੱਲ੍ਹਦਾ ਹੈ ਤਾਂ ਜਰਨੈਲ ਨੂੰ ਜੱਫੀ ਪਾ ਕੇ ਨਵਜੋਤ ਸਿੱਧੂ ਨੇ ਕੁਝ ਗਲਤ ਨਹੀਂ ਕੀਤਾ, ਕਿਉਂਕਿ ਸ੍ਰੀ ਸਿੱਧੂ ਉੱਥੇ ਨਿੱਜੀ ਦੌਰੇ ’ਤੇ ਗਏ ਸੀ ਨਾ ਕਿ ਮੰਤਰੀ ਹੋਣ ਨਾਤੇ। ਆਮ ਆਦਮੀ ਪਾਰਟੀ ’ਚ ਪੈਦਾ ਹੋਏ ਵਿਵਾਦ ਬਾਰੇ ਸੰਸਦ ਮੈਂਬਰ ਨੇ ਕਿਹਾ ਕਿ ਪਾਰਟੀ ਵਿੱਚ ਪੀਏਸੀ ਸਭ ਤੋਂ ਵੱਡੀ ਹੈ ਤੇ ਉਸ ਦੀ ਸਹਿਮਤੀ ਨਾਲ ਹੀ ਸਭ ਕੁਝ ਪਾਰਟੀ ਵਿੱਚ ਹੁੰਦਾ ਹੈ। ਖਹਿਰਾ ਗਰੁੱਪ ਵੱਲੋਂ ਟਿਕਟਾਂ ਵੇਚਣ ਦੇ ਲਾਏ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਖਹਿਰੇ ਨਾਲ ਦੇ ਵਿਧਾਇਕ ਦੱਸਣ ਕਿ ਉਨ੍ਹਾਂ ਨੇ ਟਿਕਟਾਂ ਕਿੰਨੇ-ਕਿੰਨੇ ਵਿੱਚ ਲਈਆਂ ਤੇ ਪੈਸੇ ਕਿਸ ਨੂੰ ਦਿੱਤੇ। ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਰਿਆਣਾ ਵਿੱਚ ਕੀਤੀ ਰੈਲੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਸਾਡੇ ਆਗੂਆਂ ਨੂੰ ਬਾਹਰੀ ਦੱਸਦੇ ਸਨ, ਉਹ ਹੁਣ ਦੱਸਣ ਕਿ ਉਹ ਹਰਿਆਣਾ ’ਚ ਕੀ ਕਰਨ ਗਏ ਸਨ। ਇਸ ਮੌਕੇ ਭਗਵੰਤ ਮਾਨ ਨੇ ਪਾਰਟੀ ਕਾਰਕੁਨਾਂ ਨੂੰ ਵੀ ਸੰਬੋਧਨ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਡਟਣ ਦਾ ਸੱਦਾ ਦਿੱਤਾ।