ਨਵੀਂ ਦਿੱਲੀ, ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 1988 ਦੇ ਸੜਕੀ ਝਗੜੇ ਦੇ ਕੇਸ ਵਿੱਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ਉਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ। ਸ੍ਰੀ ਸਿੱਧੂ ਤੇ ਰੁਪਿੰਦਰ ਸਿੰਘ ਸੰਧੂ ਵੱਲੋਂ ਦਾਇਰ ਇਸ ਅਪੀਲ ਦੀ ਸੁਣਵਾਈ ਜਸਟਿਸ ਜੇ. ਚੇਲਾਮੇਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਬੈਂਚ ਨੂੰ ਦੱਸਿਆ ਕਿ ਮਾਮਲੇ ਵਿੱਚ ਮਾਰੇ ਗਏ ਗੁਰਨਾਮ ਸਿੰਘ ਦੀ ਮੌਤ ਦੇ ਕਾਰਨਾਂ ਸਬੰਧੀ ਸਬੂਤ ‘ਆਪਾ-ਵਿਰੋਧੀ’ ਹਨ ਅਤੇ ਇਸ ਸਬੰਧੀ ਮੈਡੀਕਲ ਰਿਪੋਰਟ ਵੀ ‘ਅਸਪਸ਼ਟ’ ਹੈ। ਸ੍ਰੀ ਸਿੱਧੂ ਵੱਲੋਂ ਪੇਸ਼ ਸੀਨੀਅਰ ਵਕੀਲ ਆਰ.ਐਸ. ਚੀਮਾ ਨੇ ਇਹ ਵੀ ਕਿਹਾ ਕਿ ਕੇਸ ਵਿੱਚ ਸਭ ਤੋਂ ਵੱਧ ‘ਉਲ਼ਝਾਊ’ ਮਾਮਲਾ ਮਕਤੂਲ ਦੀ ਮੌਤ ਦਾ ਕਾਰਨ ਹੀ ਹੈ। ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਫ਼ੈਸਲਾ ਰਾਖਵਾਂ ਰੱਖਦਿਆਂ ਸਬੰਧਤ ਧਿਰਾਂ ਨੂੰ ਛੇਤੀ ਤੋਂ ਛੇਤੀ ਲਿਖਤੀ ਪੱਖ ਦਾਖ਼ਲ ਕਰਨ ਲਈ ਕਿਹਾ। ਇਸ ਕੇਸ ਦਾ ਅਹਿਮ ਪੱਖ ਇਹ ਵੀ ਹੈ, ਕਿ ਸ੍ਰੀ ਸਿੱਧੂ ਪੰਜਾਬ ਦੀ ਜਿਸ ਕਾਂਗਰਸ ਸਰਕਾਰ ਦੇ ਮੰਤਰੀ ਹਨ, ਉਸੇ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਅੱਗੇ ਸ੍ਰੀ ਸਿੱਧੂ ਖ਼ਿਲਾਫ਼ ਤੇ ਹਾਈ ਕੋਰਟ ਦੇ ਫ਼ੈਸਲੇ ਦੇ ਹੱਕ ਵਿੱਚ ਸਟੈਂਡ ਲਿਆ ਹੈ। ਪੰਜਾਬ ਸਰਕਾਰ ਦੇ ਵਕੀਲ ਨੇ ਬੀਤੀ 12 ਅਪਰੈਲ ਨੂੰ ਬੈਂਚ ਨੂੰ ਦੱਸਿਆ ਸੀ ਕਿ ‘ਹਾਈ ਕੋਰਟ ਨੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਰੱਦ ਕਰ ਕੇ ਸਹੀ ਕੀਤਾ’ ਹੈ। ਅੱਜ ਬਹਿਸ ਦੌਰਾਨ ਸ੍ਰੀ ਚੀਮਾ ਨੇ ਮੌਤ ਦੇ ਕਾਰਨਾਂ ਸਬੰਧੀ ਪੇਸ਼ ਸਬੂਤਾਂ ਉਤੇ ਸਵਾਲ ਖੜ੍ਹਾ ਕੀਤਾ। ਉਨ੍ਹਾਂ ਕਿਹਾ, ‘‘ਕੇਸ ਵਿੱਚ ਸਭ ਤੋਂ ਉਲਝਾਊ ਤੇ ਨਿਰਾਸ਼ਾਜਨਕ ਮੁੱਦਾ ਹੈ ਰਿਕਾਰਡ ’ਤੇ ਪੇਸ਼ ਮੌਤ ਦਾ ਕਾਰਨ। ਸਬੂਤ ਧੁੰਦਲੇ, ਅਨਿਸ਼ਚਿਤ ਤੇ ਆਪਾ-ਵਿਰੋਧੀ ਹਨ।’’ ਉਨ੍ਹਾਂ ਮੈਡੀਕਲ ਰਿਪੋਰਟ ਨੂੰ ‘ਅਸਪਸ਼ਟ’ ਦੱਸਿਆ।
ਜਦੋਂ ਉਨ੍ਹਾਂ ਇਸਤਗਾਸੇ ਦੇ ਇਕ ਗਵਾਹ ਦੇ ਬਿਆਨ ਦਾ ਹਵਾਲਾ ਦਿੱਤਾ, ਜਿਸ ਨੇ ਸ੍ਰੀ ਸਿੱਧੂ ਵੱਲੋਂ ਸ੍ਰੀ ਗੁਰਨਾਮ ਸਿੰਘ ਦੀ ਮਾਰ-ਕੁੱਟ ਕੀਤੇ ਜਾਣ ਦੀ ਗੱਲ ਆਖੀ ਹੈ, ਤਾਂ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿੱਚ ‘ਇਕ ਜਾਨ ਜਾ ਚੁੱਕੀ’ ਹੈ।
ਇਹ ਘਟਨਾ 27 ਦਸੰਬਰ, 1988 ਨੂੰ ਵਾਪਰੀ ਸੀ। ਇਸਤਗਾਸੇ ਮੁਤਾਬਕ ਸ੍ਰੀ ਸਿੱਧੂ ਤੇ ਸ੍ਰੀ ਸੰਧੂ ਇਕ ਜਿਪਸੀ ਵਿੱਚ ਸਵਾਰ ਸਨ ਤੇ ਉਨ੍ਹਾਂ ਗੱਡੀ ਪਟਿਆਲਾ ਦੇ ਸ਼ੇਰਾਂਵਾਲਾ ਚੌਕ ਨੇੜੇ ਸੜਕ ਦੇ ਵਿਚਕਾਰ ਖੜ੍ਹੀ ਕੀਤੀ ਹੋਈ ਸੀ। ਇਸ ਦੌਰਾਨ ਸ੍ਰੀ ਗੁਰਨਾਮ ਸਿੰਘ ਇਕ ਮਾਰੂਤੀ ਕਾਰ ਚਲਾਉਂਦੇ ਹੋਏ ਉਥੇ ਪੁੱਜੇ, ਜਿਸ ਵਿੱਚ ਦੋ ਹੋਰ ਵਿਅਕਤੀ ਸਵਾਰ ਸਨ। ਉਨ੍ਹਾਂ ਬੈਂਕ ਵਿੱਚ ਜਾਣਾ ਸੀ। ਪੁਲੀਸ ਮੁਤਾਬਕ ਸ੍ਰੀ ਗੁਰਨਾਮ ਸਿੰਘ ਵੱਲੋਂ ਸ੍ਰੀ ਸਿੱਧੂ ਤੇ ਸ੍ਰੀ ਸੰਧੂ ਨੂੰ ਗੱਲੀ ਲਾਂਭੇ ਕਰਨ ਲਈ ਆਖੇ ਜਾਣ ਤੋਂ ਦੋਵਾਂ ਧਿਰਾਂ ਦਾ ਤਕਰਾਰ ਹੋ ਗਿਆ। ਇਸ ਦੌਰਾਨ ਤਕਰਾਰ ਵਧਣ ’ਤੇ ਸ੍ਰੀ ਸਿੱਧੂ ਨੇ ਗੁਰਨਾਮ ਸਿੰਘ ਦੀ ਕੁੱਟਮਾਰ ਕਰ ਦਿੱਤੀ। ਬਾਅਦ ਵਿੱਚ ਉਨ੍ਹਾਂ ਦੀ ਹਸਪਤਾਲ ’ਚ ਮੌਤ ਹੋ ਗਈ।