ਸ਼ੰਘਾਈ, ਦੂਜਾ ਦਰਜਾ ਹਾਸਲ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਦੁਨੀਆਂ ਦੇ ਨੰਬਰ ਇੱਕ ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਐਤਵਾਰ ਨੂੰ 6-4, 6-3 ਨਾਲ ਹਰਾ ਕੇ ਦੂਜੀ ਵਾਰੀ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। 19 ਗਰੈਂਡ ਸਲੈਮ ਖ਼ਿਤਾਬ ਦੇ ਬਾਦਸ਼ਾਹ ਫੈਡਰਰ ਨੇ ਇੱਕ ਘੰਟਾ 11 ਮਿੰਟ ’ਚ ਹੀ ਨਡਾਲ ਦੀਆਂ ਗੋਡਨੀਆਂ ਲਵਾ ਦਿੱਤੀਆਂ।
ਫੈਡਰਰ ਨੇ ਦੂਜੀ ਵਾਰੀ ਸ਼ੰਘਾਈ ਮਾਸਟਰਜ਼ ਦਾ ਖ਼ਿਤਾਬ ਜਿੱਤਿਆ ਹੈ ਅਤੇ ਏਟੀਪੀ ਵਰਡਲ ਟੂਰ ਮਾਸਟਰਜ਼ 1000 ’ਤੇ 27ਵੀਂ ਜਿੱਤ ਦਰਜ ਕੀਤੀ। ਫੈਡਰਰ ਨੇ ਇਸ ਜਿੱਤ ਨਾਲ ਦੂਜੀ ਵਾਰੀ ਸ਼ੰਘਾਈ ਮਾਸਟਰਜ਼ ਦਾ ਫਾਈਨਲ ਖੇਡ ਰਹੇ ਨਡਾਲ ਦਾ ਪਹਿਲੀ ਵਾਰੀ ਇਹ ਖ਼ਿਤਾਬ ਜਿੱਤਣ ਦਾ ਸੁਫ਼ਨਾ ਵੀ ਤੋੜ ਦਿੱਤਾ। ਫੈਡਰਰ ਨੇ ਇਸ ਜਿੱਤ ਨਾਲ ਹਾਰਡ ਕੋਰਟ ’ਤੇ ਆਪਣੀ 700ਵੀਂ ਜਿੱਤ ਦਰਜ ਕੀਤੀ ਤੇ ਇਸ ਸਾਲ ਟੌਪ-10 ਖਿਡਾਰੀਆਂ ਖ਼ਿਲਾਫ਼ ਆਪਣਾ ਰਿਕਾਰਡ 10-1 ਪਹੁੰਚਾ ਦਿੱਤਾ ਹੈ। ਫੈਡਰਰ ਦਾ ਇਹ 94ਵਾਂ ਖ਼ਿਤਾਬ ਸੀ ਤੇ ਓਪਨ ਯੁਗ ’ਚ ਉਹ ਦੂਜੇ ਨੰਬਰ ’ਤੇ ਮੌਜੂਦ ਇਵਾਨ ਲੇਂਡਲ ਦੀ ਬਰਾਬਰੀ ’ਤੇ ਆ ਗਿਆ ਹੈ। ਉਸ ਤੋਂ ਅੱਗੇ ਹੁਣ ਸਿਰਫ਼ ਜਿਮ ਕੋਰਨਸ ਹੈ ਜਿਸ ਦੇ 109 ਖ਼ਿਤਾਬ ਹਨ।
ਫੈਡਰਰ ਨੇ ਇਸ ਤੋਂ ਪਹਿਲਾਂ 2014 ’ਚ ਇਹ ਖ਼ਿਤਾਬ ਜਿੱਤਿਆ ਸੀ। ਦੋਵਾਂ ਵਿਚਾਲੇ ਇਹ 38ਵਾਂ ਕਰੀਅਰ ਮੁਕਾਬਲਾ ਸੀ ਅਤੇ ਫੈਡਰਰ ਨੇ ਇਸ ਜਿੱਤ ਨਾਲ ਨਡਾਲ ਖ਼ਿਲਾਫ਼ ਆਪਣਾ ਕਰੀਅਰ ਰਿਕਾਰਡ 15-23 ਕਰ ਦਿੱਤਾ ਹੈ। ਫੈਡਰਰ ਨੇ 2017 ’ਚ ਨਡਾਲ ਖ਼ਿਲਾਫ਼ ਆਪਣਾ ਸੌ ਫੀਸਦ ਰਿਕਾਰਡ ਬਰਕਰਾਰ ਰੱਖਿਆ ਹੈ। ਫੈਡਰਰ ਨੇ ਇਸ ਸਾਲ ਨਡਾਲ ਨੂੰ ਆਸਟਰੇਲੀਅਨ ਓਪਨ ਦੇ ਫਾਈਨਲ, ਇੰਡੀਅਨ ਵੇਲਜ਼ ਦੇ ਰਾਉਂਡ-16, ਮਿਆਮੀ ਮਾਸਟਰਜ਼ ਦੇ ਫਾਈਨਲ ਤੇ ਸ਼ੰਘਾਈ ਮਾਸਟਰਜ਼ ਦੇ ਫਾਈਨਲ ’ਚ ਹਰਾ ਚੁੱਕਾ ਹੈ।