ਤਰਨ ਤਾਰਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਮਾੜੇ ਨਤੀਜੇ ਨੇ ਜਿੱਥੇ ਵਿਦਿਆਰਥੀਆਂ ਦਾ ਇੱਕ ਕੀਮਤੀ ਸਾਲ ਬਰਬਾਦ ਕਰਕੇ ਰੱਖ ਦਿੱਤਾ ਹੈ ਉਥੇ ਅਜਿਹਾ ਹੋਣ ਨਾਲ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ੳੁੱਠੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕੁੱਲ 171 ਸਰਕਾਰੀ (ਸੀਨੀਅਰ ਸੈਕੰਡਰੀ ਅਤੇ ਹਾਈ) ਸਕੂਲਾਂ ਦੇ 16972 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਕੇਵਲ 5629 ਵਿਦਿਆਰਥੀ ਹੀ ਪਾਸ ਹੋ ਸਕੇ ਹਨ। ਇਹ ਪਾਸ ਪ੍ਰਤੀਸ਼ਤ ਸਿਰਫ 33.34% ਬਣਦੀ ਹੈ। ਇਨ੍ਹਾਂ ਸਕੂਲਾਂ ਵਿੱਚੋਂ ਜ਼ਿਲ੍ਹੇ ਦੇ 36 ਸਕੂਲਾਂ ਦਾ ਨਤੀਜਾ ਜ਼ੀਰੋ ਪ੍ਰਤੀਸ਼ਤ ਰਿਹਾ ਹੈ, ਜਿਨ੍ਹਾਂ ਦਾ ਕੋਈ ਇੱਕ ਵਿਦਿਆਰਥੀ ਵੀ ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਇਹ ਵਰਤਾਰਾ ਤਾਂ ਸਰਕਾਰ ਲਈ ਹੋਰ ਵੀ ਨਮੋਸ਼ੀ ਦਾ ਕਾਰਨ ਬਣ ਗਿਆ ਹੈ। ਇਨ੍ਹਾਂ 36 ਸਕੂਲਾਂ ਵਿੱਚੋਂ 24 ਸਕੂਲ ਸਰਹੱਦੀ ਖੇਤਰ ਦੇ ਹਨ।
ਇਹ ਪਹਿਲੀ ਵਾਰ ਹੈ ਕਿ ਇਸ ਵਾਰ ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਲਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਗਵਾਈ ਖੁਦ ਕੀਤੀ ਭਾਵੇਂ ਕਿ ਉਨ੍ਹਾਂ ਨੂੰ ਪ੍ਰੀਖਿਆਵਾਂ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਜ਼ਿਲ੍ਹੇ ਦੇ ਕਸਬਾ ਖੇਮਕਰਨ ਵਿੱਚ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ੳੁਸ ਘਟਨਾ ਤੋਂ ਬਾਅਦ ਸਿੱਖਿਆ ਅਧਿਕਾਰੀ ਨੇ ਸਰਹੱਦੀ ਖੇਤਰ ਦੇ ਕਈ ਪ੍ਰੀਖਿਆ ਕੇਂਦਰਾਂ ਨੂੰ ਸ਼ਹਿਰੀ ਖੇਤਰਾਂ ਦੇ ਪ੍ਰੀਖਿਆ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ। ਕਈ ਥਾੲੀਂ ਤਾਂ ਬਦਲੇ ਗਏ ਪ੍ਰੀਖਿਆ ਕੇਂਦਰਾਂ ਬਾਰੇ ਪ੍ਰੀਖਿਆਰਥੀਆਂ ਨੂੰ ਪਤਾ ਵੀ ਨਾ ਲੱਗ ਸਕਿਆ। ਕਈ ਵਿਦਿਆਰਥੀ ਪ੍ਰੀਖਿਆ  ਕੇਂਦਰ ਬਹੁਤ ਦੂਰ ਬਣ ਬਣਾ ਦਿੱਤੇ ਗਏ ਹੋਣ ਕਰਕੇ ਉਥੇ ਸਮੇਂ ਸਿਰ ਨਾ ਪੁੱਜ ਸਕੇ। ਸਰਹੱਦੀ ਖੇਤਰ ਦੇ ਜ਼ੀਰੋ ਪ੍ਰਤੀਸ਼ਤ ਵਾਲੇ ਸਕੂਲਾਂ ਵਿੱਚ ਪਿੰਡ ਗੰਡੀਵਿੰਡ ਅਤੇ ਖੇਮਕਰਨ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਇਲਾਵਾ ਵਾਂ ਤਾਰਾਸਿੰਘ, ਕਾਲੀਆ ਸੰਕਤਰਾ, ਮਸਤਗੜ੍ਹ, ਤੂਤ, ਕਾਲੇ, ਡੱਲ, ਭੂਰਾਕੋਨਾ, ਕੋਟਲੀ ਵਸਾਵਾ ਸਿੰਘ, ਝੁੱਗੀਆਂ ਨੱਥਾ ਸਿੰਘ,  ਡਿਆਲ ਰਾਜਪੂਤਾਂ, ਭੁੱਸੇ, ਮਹਿਮੂਦਪੁਰ, ਬਾਸਰਕੇ ਹੁੰਦਲ, ਆਸਲ ਉਤਾੜ, ਪਹੁਵਿੰਡ, ਖੈਰਦੀਨਕੇ, ਦਾਸੂਵਾਲ, ਰੱਤੋਕੇ, ਅਮਰਕੋਟ, ਦੂਲਕੋਨਾ, ਚੂੰਗ ਅਤੇ ਭੱਗੂਪੁਰ ਪਿੰਡਾਂ ਦੇ ਸਰਕਾਰੀ ਹਾਈ ਸਕੂਲ ਸ਼ਾਮਲ ਹਨ। ਜ਼ੀਰੋ ਪ੍ਰਤੀਸ਼ਤ ਨਤੀਜੇ ਵਾਲੇ ਹੋਰ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀਖਾਰਾ ਤੋਂ ਇਲਾਵਾ ਸਰਾਲੀ ਕਲਾਂ, ਗੰਡੀਵਿੰਡ ਧੱਤਲ, ਖਾਰਾ, ਵੈਰੋਵਾਲ (ਲੜਕੇ), ਕੱਦਗਿੱਲ, ਢੋਟੀਆਂ (ਲੜਕੇ), ਨੰਦਪੁਰ, ਖਾਨ ਛਾਪੜੀ, ਤੱਖਤੂਚੱਕ , ਮਲਮੋਹਰੀ ਅਤੇ ਸੰਘਾ ਦੇ ਹਾਈ ਸਕੂਲ ਸ਼ਾਮਲ ਹਨ। ਸਰਹੱਦੀ ਖੇਤਰ ਦੇ ਇਨ੍ਹਾਂ ਸਕੂਲਾਂ ਵਿੱਚ ਵਧੇਰੇ ਕਰਕੇ ਵਲਟੋਹਾ ਅਤੇ ਖੇਮਕਰਨ ਬਲਾਕਾਂ ਦੇ ਸਕੂਲ ਸ਼ਾਮਲ ਹਨ।
ਇਨ੍ਹਾਂ ਸਕੂਲਾਂ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਲਾਕਾਂ ਦੇ ਸਕੂਲਾਂ ਲਈ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮਨਜ਼ੂਰ ਕੀਤੀਆਂ ਕੁੱਲ 205  ਅਸਾਮੀਆਂ ਵਿੱਚੋਂ ਕੇਵਲ 48 ਹੀ ਪੁਰ ਹਨ ਅਤੇ ਬਾਕੀ ਦੀਆਂ 157 ਅਸਾਮੀਆਂ ਖਾਲੀ ਚੱਲ ਰਹੀਆਂ ਹਨ। ਇਨ੍ਹਾਂ ਬਲਾਕਾਂ ਵਿੱਚ ਗਣਿਤ ਵਿਸ਼ੇ ਦੀਆਂ 27 ਅਸਾਮੀਆਂ ’ਤੇ ਕੇਵਲ ਦੋ ਅਧਿਆਪਕ ਕੰਮ ਕਰ ਰਹੇ ਹਨ ਅਤੇ ਅੰਗਰੇਜ਼ੀ ਦੀਆਂ ਅੱਠ ਵਿੱਚੋਂ ਸੱਤ ਅਸਾਮੀਆਂ ਖਾਲੀ ਪੲੀਆਂ ਹਨ।
ਇਸ ਸਥਿਤੀ ਨੂੰ ਜ਼ਿਲ੍ਹੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਮਾੜੇ ਨਤੀਜੇ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਲੀ ਅਸਾਮੀਆਂ ਅਾਰਜ਼ੀ ਤੌਰ ’ਤੇ ਪੁਰ ਕੀਤੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਧਿਕਾਰ ਦਿੱਤੇ ਜਾਣ ਦੀ ਸਲਾਹ ਦਿੱਤੀ ਹੈ।
ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਠੱਠੀਖਾਰਾ, ਜਿਸ ਦੇ ਸਾਰੇ 53 ਵਿਦਿਆਰਥੀ ਪ੍ਰੀਖਿਆ ਵਿੱਚੋਂ ਫੇਲ੍ਹ ਰਹੇ ਹਨ, ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਮਾੜੇ ਨਤੀਜੇ ਦਾ ਕਾਰਨ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਨਾਲ-ਨਾਲ ਨਕਲ ਰੋਕਣ ਲਈ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀ ਗੲੀ ਕਾਰਵਾਈ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ। ੳੁਨ੍ਹਾਂ ਕਿਹਾ ਕਿ ੳੁਸ ਕਾਰਵਾੲੀ ਨਾਲ ਬੱਚੇ ਅਤੇ ਅਧਿਆਪਕ ਬਹੁਤ ਡਰ ਗਏ ਸਨ। ਉਨ੍ਹਾਂ ਅਧਿਆਪਕਾਂ ਦੀ ਅਜਿਹੀ ਹੀ ਹਾਲਤ ਦੇ ਚੱਲਦਿਆਂ ਪਿਛਲੇ ਸਾਲ ਉਨ੍ਹਾਂ ਦੇ ਸਕੂਲ ਦਾ ਨਤੀਜਾ ਬੋਰਡ ਦੀ ਪ੍ਰਤੀਸ਼ਤਤਾ ਤੋਂ 10% ਜ਼ਿਆਦਾ ਹੋਣ ਬਾਰੇ ਪੁੱਛੇ ਜਾਣ ’ਤੇ ਕੁਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ। ਪਿੰਡ ਠੱਠੀਖਾਰਾ ਦੀ ਬਜ਼ੁਰਗ ਗੁਰਵੰਤ ਕੌਰ ਨੇ ਸਕੂਲਾਂ ਵਿੱਚ ਵਿਦਿਅਕ ਮਾਹੌਲ ਦੀ ਸਖ਼ਤ ਘਾਟ ਨੂੰ ਕਸੂਰਵਾਰ ਦੱਸਿਆ ਹੈ।